ਲਖਨਊ ਵਿੱਚ PUBG ਕਤਲਕਾਂਡ ਮਾਮਲੇ ਵਿੱਚ ਮਾਂ ਦੀ ਹੱਤਿਆ ਕਰਨ ਵਾਲੇ ਨਾਬਾਲਗ ਪੁੱਤ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸਨੇ ਆਪਣਾ ਜ਼ੁਰਮ ਕਬੂਲਦਿਆਂ ਦੱਸਿਆ ਕਿ ਉਸ ਨੇ ਰਾਤ ਨੂੰ 2 ਵਜੇ ਮਾਂ ਨੂੰ ਗੋਲੀ ਮਾਰੀ ਸੀ ਪਰ ਅਗਲੇ ਦਿਨ ਦੁਪਹਿਰ 12 ਵਜੇ ਤੱਕ ਉਹ ਜ਼ਿੰਦਾ ਸੀ ਤੇ ਤੜਫ ਪੜ੍ਹੀ ਸੀ । ਮੌਤ ਹੋਣ ਦੇ ਇੰਤਜ਼ਾਰ ਵਿੱਚ ਉਹ ਵਾਰ-ਵਾਰ ਦਰਵਾਜ਼ਾ ਖੋਲ੍ਹ ਕੇ ਮਾਂ ਨੂੰ ਤੜਫਦਾ ਦੇਖਦਾ ਸੀ ਤੇ ਫਿਰ ਕਮਰੇ ਨੂੰ ਲਾਕ ਕਰ ਦਿੰਦਾ ਸੀ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ADCP) ਕਾਸ਼ਿਮ ਆਬਦੀ ਨੇ ਦੱਸਿਆ ਕਿ ਸਾਧਨਾ ਸਿੰਘ ਦੀ ਹੱਤਿਆ ਕਰਨ ਵਾਲੇ ਉਸ ਦੇ 16 ਸਾਲਾ ਪੁੱਤਰ ਤੋਂ ਦੁਬਾਰਾ ਪੁੱਛਗਿੱਛ ਕੀਤੀ ਗਈ । ਜਿਸ ਵਿੱਚ ਉਸ ਨੇ ਦੱਸਿਆ ਕਿ 4 ਜੂਨ ਸ਼ਨੀਵਾਰ ਦੀ ਰਾਤ ਨੂੰ ਉਹ ਆਪਣੀ ਮਾਂ ਨਾਲ ਸੁੱਤਾ ਸੀ । ਪਿਸਤੌਲ ਉਸੇ ਕਮਰੇ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ । ਅਲਮਾਰੀ ਵਿਚੋਂ ਪਿਸਤੌਲ ਚੋਰੀ ਕਰਨ ਤੋਂ ਬਾਅਦ ਮਾਂ ਕੋਲ ਗਿਆ । ਮਾਂ ਦੇ ਨਾਲ ਉਸਦੀ 10 ਸਾਲ ਦੀ ਭੈਣ ਵੀ ਸੁੱਤੀ ਪਈ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ : ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ
ਕਾਤਲ ਬੇਟੇ ਇਹ ਅੰਦਾਜ਼ਾ ਸੀ ਕਿ ਜੇਕਰ ਉਹ ਮਾਂ ਵਾਲੇ ਪਾਸਿਓਂ ਗੋਲੀ ਚਲਾਵੇਗਾ ਤਾਂ ਉਹ ਗੋਲੀ ਉਸਦੀ ਭੈਣ ਦੇ ਵੀ ਲੱਗ ਸਕਦੀ ਹੈ। ਜਿਸ ਕਾਰਨ ਉਸਨੇ ਭੈਣ ਵਾਲੇ ਪਾਸਿਓਂ ਮਾਂ ‘ਤੇ ਗੋਲੀ ਚਲਾ ਦਿੱਤੀ। ਸਿਰ ਵਿੱਚ ਗੋਲੀ ਲੱਗਣ ਕਾਰਨ ਮਾਂ ਦੇ ਸਿਰ ਵਿੱਚੋਂ ਖੂਨ ਦੀ ਧਾਰ ਵਹਿਣ ਲੱਗ ਗਈ। ਇਸ ਤੋਂ ਬਾਅਦ ਉਹ ਆਪਣੀ ਭੈਣ ਨਾਲ ਦੂਜੇ ਕਮਰੇ ਵਿਚ ਚਲਾ ਗਿਆ ਅਤੇ ਇਸ ਕਮਰੇ ਦਾ ਦਰਵਾਜ਼ਾ ਲਾਕ ਕਰ ਦਿੱਤਾ ।
ਕਾਤਲ ਬੇਟੇ ਨੇ ਪੁਲਿਸ ਨੂੰ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਮਾਂ ਬੈੱਡ ‘ਤੇ ਤੜਫ ਰਹੀ ਸੀ । ਉਸ ਨੂੰ ਇਸ ਹਾਲਤ ਵਿੱਚ ਛੱਡ ਕੇ ਉਹ ਆਪਣੀ ਭੈਣ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲਾ ਗਿਆ।ਜਿਸ ਤੋਂ ਬਾਅਦ ਉਹ ਆਪਣੀ ਮਾਂ ਦੇ ਮਰਨ ਦਾ ਇੰਤਜ਼ਾਰ ਕਰਨ ਲੱਗਾ । ਉਹ ਹਰ ਘੰਟੇ ਕਮਰੇ ਵਿੱਚ ਜਾ ਕੇ ਆਪਣੀ ਮਾਂ ਨੂੰ ਤੜਫਦਾ ਦੇਖਦਾ, ਪਰ ਉਸ ਨੇ ਇਕ ਵਾਰ ਵੀ ਇਹ ਨਹੀਂ ਸੋਚਿਆ ਕਿ ਉਸ ਦੀ ਜਾਨ ਬਚਾਈ ਜਾਵੇ । ਹਰ ਵਾਰ ਨੇੜੇ ਜਾ ਕੇ ਨੱਕ ‘ਤੇ ਹੱਥ ਰੱਖ ਕੇ ਵੇਖਦਾ ਕਿ ਸਾਹ ਰੁਕਦਾ ਹੈ ਜਾਂ ਨਹੀਂ। 10 ਘੰਟਿਆਂ ਵਿੱਚ 8 ਵਾਰ ਉਸ ਦੇ ਸਾਹ ਦੀ ਜਾਂਚ ਕੀਤੀ । ਦੁਪਹਿਰ 12 ਵਜੇ ਜਦੋਂ ਉਹ ਆਖਰੀ ਵਾਰ ਗਿਆ ਤਾਂ ਮਾਂ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਸੀ । ਸਾਹ ਰੁਕ ਗਿਆ ਸੀ। ਫਿਰ ਉਸ ਨੂੰ ਯਕੀਨ ਹੋ ਗਿਆ ਕਿ ਮਾਂ ਹੁਣ ਮਰ ਚੁੱਕੀ ਹੈ।
ਏਡੀਸੀਪੀ ਦਾ ਕਹਿਣਾ ਹੈ ਕਿ ਸਾਧਨਾ ਦੇ ਘਰ ਤੋਂ ਪੀਜੀਆਈ ਹਸਪਤਾਲ ਦੀ ਦੂਰੀ 2 ਕਿਲੋਮੀਟਰ ਹੋਵੇਗੀ । ਗੋਲੀ ਸਿਰ ਵਿਚੋਂ ਆਰ-ਪਾਰ ਹੋ ਗਈ ਸੀ। ਜੇਕਰ ਉਸ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦੀ ਜਾਨ ਬਚ ਜਾਣ ਦੀ ਪੂਰੀ ਸੰਭਾਵਨਾ ਸੀ । ਏਡੀਸੀਪੀ ਦਾ ਕਹਿਣਾ ਹੈ ਕਿ ਜਦੋਂ ਮੁਲਜ਼ਮ ਪੁੱਤਰ ਨੇ ਇਹ ਜਾਣਕਾਰੀ ਦਿੱਤੀ ਤਾਂ ਉਸ ਨੇ ਗੁੱਸੇ ਨਾਲ ਪਛਤਾਵਾ ਕਰਦਿਆਂ ਕਿਹਾ ਕਿ ਕਾਸ਼ ਕੋਈ ਹੁੰਦਾ ਜੋ ਪੁਲਿਸ ਨੂੰ ਸੂਚਿਤ ਕਰਦਾ।
ਦੱਸ ਦੇਈਏ ਕਿ ਕਾਤਲ ਬੇਟੇ ਬਾਰੇ ਬੋਲਦਿਆਂ ਫੌਜੀ ਪਿਤਾ ਨੇ ਕਿਹਾ ਕਿ ਹਰ ਇਨਸਾਨ ਹੀ ਚਾਹੁੰਦਾ ਹੈ ਕਿ ਉਸਦੀ ਔਲਾਦ ਹੱਸਦੇ-ਖੇਡਦੇ ਜ਼ਿੰਦਗੀ ਗੁਜ਼ਾਰੇ, ਪਰ ਮੈਂ ਚਾਹੁੰਦਾ ਹਾਂ ਕਿ ਮੇਰਾ ਬੇਟਾ ਜ਼ਿੰਦਗੀ ਭਰ ਸਲਾਖਾਂ ਪਿੱਛੇ ਰਹੇ। ਬੇਟੇ ਨੂੰ ਉਸਦੇ ਗੁਨਾਹ ਦੀ ਪੂਰੀ ਸਜ਼ਾ ਮਿਲੇ। ਇਸਦੇ ਲਈ ਹਰ ਕੋਸ਼ਿਸ਼ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: