ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਅੱਜ ਰਾਜ ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਦੇ ਸੱਤਾਧਾਰੀ ਗਠਜੋੜ ਮਹਾ ਵਿਕਾਸ ਅਗਾੜੀ (MVA) ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਦਿਖਾਉਣ ਲਈ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਿ ਰਾਜ ਦੇਸ਼ ਦੇ ਕਿਸਾਨਾਂ ਦੇ ਨਾਲ ਹੈ ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਲੋਕਾਂ ਨੂੰ ਜਗਾਉਣਾ ਬਹੁਤ ਜਰੂਰੀ ਹੈ। ਇਸ ਸਬੰਧੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿੱਚ 11 ਅਕਤੂਬਰ ਨੂੰ ਮਹਾਰਾਸ਼ਟਰ ਦੇ ਬੰਦ ਵਿੱਚ ਪੂਰੀ ਤਾਕਤ ਨਾਲ ਹਿੱਸਾ ਲਵੇਗੀ ।
ਇਹ ਵੀ ਪੜ੍ਹੋ: ਪੰਜਾਬ ‘ਚ ਲੰਮੇ ਬਿਜਲੀ ਕੱਟਾਂ ਲਈ ਰਹੋ ਤਿਆਰ, ਰੋਜ਼ ਇੰਨੇ ਘੰਟੇ ਕੱਟੇਗੀ ਬਿਜਲੀ
ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐੱਨਸੀਪੀ ਬੁਲਾਰੇ ਨਵਾਬ ਮਲਿਕ ਅਨੁਸਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਰਾਹੀਂ ਖੇਤੀ ਉਪਜ ਦੀ ਲੁੱਟ ਦੀ ਆਗਿਆ ਦਿੱਤੀ ਹੈ ਤੇ ਹੁਣ ਉਨ੍ਹਾਂ ਦੇ ਮੰਤਰੀ ਕਿਸਾਨਾਂ ਦੀ ਹੱਤਿਆ ਕਰ ਰਹੇ ਹਨ। ਸਾਨੂੰ ਕਿਸਾਨਾਂ ਨਾਲ ਐਕਟ ਦਿਖਾਉਣੀ ਹੀ ਪਵੇਗੀ।
ਦੱਸ ਦੇਈਏ ਕਿ ਫੈਡਰੇਸ਼ਨ ਆਫ ਰਿਟੇਲਰਸ ਐਂਡ ਟ੍ਰੇਡਰਸ ਵੈਲਫੇਅਰ ਐਸੋਸੀਐਸ਼ਨ(FRTWA) ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ ਹੈ। FRTWA ਵੱਲੋਂ ਲਖੀਮਪੁਰ ਹਿੰਸਾ ਦੇ ਵਿਰੋਧ ਵਿੱਚ ਸਰਕਾਰ ਵੱਲੋਂ ਬੰਦ ਦਾ ਸਮਰਥਨ ਕਰਦਿਆਂ ਸ਼ਾਮ 4 ਵਜੇ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਇਸ ਆਦੇਸ਼ ਦਾ ਪਾਲਣ ਕੀਤਾ ਜਾਵੇਗਾ।