Maharashtra home minister anil deshmukh : ਕਾਂਗਰਸ ਨੇਤਾਵਾਂ ਨੇ ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੂੰ ਕਿਸਾਨ ਅੰਦੋਲਨ ‘ਤੇ ਰਿਹਾਨਾ ਦੇ ਟਵੀਟ ਦੇ ਜਵਾਬ ਵਿੱਚ ਟਵੀਟ ਕਰਨ ‘ਤੇ ਲਤਾ ਮੰਗੇਸ਼ਕਰ, ਸਚਿਨ ਤੇਂਦੁਲਕਰ ਅਤੇ ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਟਵੀਟ ਬਾਰੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਵਿੱਚ ਕੁੱਝ ਸ਼ਬਦ ਹਨ ਜੋ ਸ਼ੰਕਾ ਪੈਦਾ ਕਰਦੇ ਹਨ। ਹੁਣ ਰਾਜ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਰਕਾਰ ਮਸ਼ਹੂਰ ਹਸਤੀਆਂ ਦੇ ਟਵੀਟਾਂ ਦੀ ਪੜਤਾਲ ਕਰਕੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ ਕਿ ਇਨ੍ਹਾਂ ਸਟਾਰਸ ਨੇ ਕਿਸੇ ਦੇ ਦਬਾਅ ਹੇਠ ਆ ਕੇ ਟਵੀਟ ਕੀਤੇ ਸੀ ਜਾਂ ਨਹੀਂ। ਦਰਅਸਲ, ਇਨ੍ਹਾਂ ਸਿਤਾਰਿਆਂ ਨੇ ਰਿਹਾਨਾ ਦੇ ਉਸ ਟਵੀਟ ਦੇ ਜਵਾਬ ਵਿੱਚ ਟਵੀਟ ਕੀਤਾ ਜਿਸ ਵਿੱਚ ਰਿਹਾਨਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਸੀ। ਰਿਹਾਨਾ ਦੇ ਟਵੀਟ ਦੇ ਜਵਾਬ ਵਿੱਚ ਲਤਾ ਮੰਗੇਸ਼ਕਰ, ਸਚਿਨ ਤੇਂਦੁਲਕਰ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਨੇ ਟਵੀਟ ਕੀਤਾ ਸੀ। ਹੁਣ ਸਰਕਾਰ ਨੇ ਇਸਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਰਾਸ਼ਟਰ ਦਾ ਖੁਫੀਆ ਵਿਭਾਗ ਸਿਤਾਰਿਆਂ ਦੇ ਇਸ ਟਵੀਟ ਦੀ ਜਾਂਚ ਕਰੇਗਾ।
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਟਵੀਟਾਂ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਦਖਲ ਹੋ ਸਕਦਾ ਹੈ। ਇੰਡੀਆ ਫਸਟ ਬਾਰੇ ਟਵੀਟ ‘ਤੇ ਅਨਿਲ ਦੇਸ਼ਮੁਖ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਮੰਨਣਾ ਹੈ ਕਿ ਭਾਜਪਾ ਨੇ ਮਸ਼ਹੂਰ ਹਸਤੀਆਂ ‘ਤੇ ਇਹ ਟਵੀਟ ਕਰਨ ਲਈ ਦਬਾਅ ਪਾਇਆ ਹੈ। ਇਸ ਦੇ ਨਾਲ ਹੀ, ਕਾਂਗਰਸ ਨੇਤਾ ਸਚਿਨ ਸਾਵੰਤ ਨੇ ਕਿਹਾ ਕਿ ਇਨ੍ਹਾਂ ਮਸ਼ਹੂਰ ਹਸਤੀਆਂ ਵੱਲੋਂ ਕੀਤੇ ਗਏ ਟਵੀਟ ਦੇ ਵਿਚਕਾਰ ਇੱਕ ਸਮਾਨ ਨਮੂਨਾ ਦੇਖਿਆ ਜਾ ਸਕਦਾ ਹੈ।
ਜ਼ਿਆਦਾਤਰ ਸ਼ਬਦ ਇੱਕੋ ਜਿਹੇ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਅਤੇ ਸਾਇਨਾ ਨੇਹਵਾਲ ਨੇ ਇੱਕੋ ਗੱਲ ਟਵੀਟ ਕੀਤੀ ਅਤੇ ਅਦਾਕਾਰ ਸੁਨੀਲ ਸ਼ੈੱਟੀ ਨੇ ਇੱਕ ਭਾਜਪਾ ਨੇਤਾ ਨੂੰ ਟੈਗ ਕੀਤਾ। ਸਾਵੰਤ ਨੇ ਕਿਹਾ, ” ਰਿਹਾਨਾ ਦੇ ਟਵੀਟ ‘ਤੇ ਵਿਦੇਸ਼ ਮੰਤਰਾਲੇ ਦੇ ਜਵਾਬ ਤੋਂ ਬਾਅਦ ਕਈ ਟਵੀਟ ਕੀਤੇ ਗਏ ਸਨ। ਜੇ ਕੋਈ ਵਿਅਕਤੀ ਖੁਦ ਇਸ ਤਰ੍ਹਾਂ ਕਰਦਾ ਹੈ, ਤਾਂ ਇਹ ਠੀਕ ਹੈ, ਪਰ ਇਸ ਵਿੱਚ ਸ਼ੱਕ ਦੀ ਗੁੰਜਾਇਸ਼ ਹੈ ਕਿ ਇਸ ਦੇ ਪਿੱਛੇ ਭਾਜਪਾ ਦਾ ਹੱਥ ਹੋ ਸਕਦਾ ਹੈ। ਮੈਂ ਇਸ ਬਾਰੇ ਗ੍ਰਹਿ ਮੰਤਰੀ ਦੇਸ਼ਮੁੱਖ ਨਾਲ ਗੱਲ ਕੀਤੀ। ਉਨ੍ਹਾਂ ਨੇ ਖੁਫੀਆ ਵਿਭਾਗ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।’