Maharashtra Jalgaon accident: ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਯਾਵਲ ਤਾਲੁਕਾ ਦੇ ਕਿੰਗਾਓ ਪਿੰਡ ਵਿੱਚ ਐਤਵਾਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਹੈ । ਐਤਵਾਰ ਰਾਤ ਨੂੰ ਇੱਥੇ ਇੱਕ ਟਰੱਕ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਇਸ ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ । ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਸਵਾਰ ਸਾਰੇ ਲੋਕ ਮਜ਼ਦੂਰ ਸਨ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਸਾਰੇ ਮ੍ਰਿਤਕ ਅਭੋਦਾ, ਕਰਹਲਾ ਅਤੇ ਰਾਵੇਰ ਜ਼ਿਲ੍ਹਿਆਂ ਦੇ ਮਜ਼ਦੂਰ ਸਨ । ਉਨ੍ਹਾਂ ਦੱਸਿਆ ਕਿ ਕਿੰਗਾਓ ਪਿੰਡ ਵਿੱਚ ਮੰਦਿਰ ਨੇੜੇ ਅੱਧੀ ਰਾਤ ਨੂੰ ਇੱਕ ਪਪੀਤੇ ਨਾਲ ਭਰਿਆ ਟਰੱਕ ਪਲਟ ਗਿਆ । ਇਸ ਕਾਰਨ 15 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕੁਝ ਮਜ਼ਦੂਰ ਜ਼ਖਮੀ ਹੋ ਗਏ ਹਨ। ਇਸ ਹਾਦਸੇ ਵਿੱਚ ਜ਼ਖਮੀ ਹੋਏ ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਧੁਲੇ ਤੋਂ ਰਾਵੇਲ ਵੱਲ ਜਾ ਰਿਹਾ ਸੀ।
ਦੱਸ ਦੇਈਏ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਵਿੱਚ ਸਵਾਰ 15 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਹੀ ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਟਰੱਕ ਦੇ ਡਰਾਈਵਰ ਦੀ ਅੱਖ ਲੱਗ ਗਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ।