Mahatma Gandhi granddaughter visits: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਹੋਏ ਕਿਸਾਨ ਅੰਦੋਲਨ ਦਾ ਅੱਜ 81ਵਾਂ ਦਿਨ ਹੈ । ਇਸ ਦੌਰਾਨ ਗਾਜੀਪੁਰ ਬਾਰਡਰ ‘ਤੇ ਲਗਾਤਾਰ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਸ਼ਨੀਵਾਰ ਨੂੰ ਮਹਾਤਮਾ ਗਾਂਧੀ ਦੀ ਪੋਤੀ ਤਾਰਾ ਗਾਂਧੀ ਗਾਜੀਪੁਰ ਬਾਰਡਰ ‘ਤੇ ਪਹੁੰਚੀ ਅਤੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ । ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡਾ ਅੰਦੋਲਨ ਬਹੁਤ ਸੱਚਾ ਹੈ, ਇਹ ਆਪਣੇ ਆਪ ਪਤਾ ਚੱਲਦਾ ਹੈ। ਮੈਂ ਸੱਚ ਦੇ ਨਾਲ ਹਾਂ ਅਤੇ ਹਮੇਸ਼ਾਂ ਰਹਾਂਗੀ।
ਦਰਅਸਲ, ਤਾਰਾ ਗਾਂਧੀ ਭੱਟਾਚਾਰੀਆ ਨੇ ਕਿਹਾ, “ਅਸੀਂ ਇੱਥੇ ਕਿਸੇ ਰਾਜਨੀਤਿਕ ਪ੍ਰੋਗਰਾਮ ਅਧੀਨ ਨਹੀਂ ਆਏ ਹਾਂ । ਅਸੀਂ ਅੱਜ ਇੱਥੇ ਉਨ੍ਹਾਂ ਕਿਸਾਨਾਂ ਲਈ ਆਏ ਹਾਂ, ਜਿਨ੍ਹਾਂ ਨੇ ਸਾਡੀ ਸਾਰੀ ਜਿੰਦਗੀ ਵਿੱਚ ਸਾਰਿਆਂ ਨੂੰ ਭੋਜਨ ਦਿੱਤਾ ਹੈ ।” ਉਨ੍ਹਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਿਹਾ,“ ਅਸੀਂ ਸਾਰੇ ਤੁਹਾਡੇ ਕਾਰਨ ਹੀ ਜ਼ਿੰਦਾ ਹਾਂ। ਕਿਸਾਨਾਂ ਦੀ ਭਲਾਈ ਵਿੱਚ ਹੀ ਦੇਸ਼ ਦੀ ਤੇ ਸਾਡੇ ਸਭ ਦੀ ਭਲਾਈ ਹੈ।”
ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਵੱਲੋਂ ਜਾਰੀ ਬਿਆਨ ਅਨੁਸਾਰ ਮਹਾਤਮਾ ਗਾਂਧੀ ਦੀ ਪੋਤੀ ਨੇ ਕਿਹਾ ਕਿ ਉਹ ਪ੍ਰਦਰਸ਼ਨ ਵਾਲੀ ਥਾਂ ‘ਤੇ ਕਿਸਾਨਾਂ ਲਈ ਅਰਦਾਸ ਕਰਨ ਲਈ ਆਈ ਹੈ । ਉਨ੍ਹਾਂ ਕਿਹਾ, “ਮੈਂ ਚਾਹੁੰਦੀ ਹਾਂ ਕਿ ਜੋ ਕੁਝ ਵੀ ਹੋਵੇ, ਉਸਦਾ ਫਾਇਦਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਕੋਈ ਵੀ ਵਿਅਕਤੀ ਕਿਸਾਨਾਂ ਦੀ ਸਖਤ ਮਿਹਨਤ ਤੋਂ ਅਣਜਾਣ ਨਹੀਂ ਹੈ।”
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇੱਕ ਵਾਰ ਫਿਰ ਕਿਹਾ ਕਿ ਕੇਂਦਰ ਸਰਕਾਰ ਦੇ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ । ਟਿਕੈਤ ਨੇ ਇਹ ਵੀ ਕਿਹਾ ਕਿ ਗਰਮੀਆਂ ਵਿੱਚ ਧਰਨੇ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਰਹਿਣ ਲਈ ਕਿਸਾਨਾਂ ਨੂੰ AC ਅਤੇ ਕੂਲਰ ਦੀ ਜ਼ਰੂਰਤ ਹੋਵੇਗੀ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਬਿਜਲੀ ਕੁਨੈਕਸ਼ਨ ਦੇਣਾ ਚਾਹੀਦਾ ਹੈ ਨਹੀਂ ਤਾਂ ਸਾਨੂੰ ਜਰਨੇਟਰ ਲਗਾਉਣੇ ਪੈਣਗੇ। ਇਸ ਤੋਂ ਇਲਾਵਾ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਹੈ, ਪਰ ਕਿਸਾਨ ਵੀ ਲੰਮੇ ਸਮੇਂ ਤੱਕ ਟਿਕਣ ਲਈ ਤਿਆਰ ਹਨ ।
ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ