Major action of Yogi government: ਉੱਤਰ ਪ੍ਰਦੇਸ਼ ਸਰਕਾਰ ਨੇ ਲੋਕ ਨਿਰਮਾਣ ਵਿਭਾਗ (PWD) ਦੇ ਸੱਤ ਕਾਰਜਕਾਰੀ ਇੰਜੀਨੀਅਰਾਂ ਨੂੰ ਲਾਜ਼ਮੀ ਰਿਟਾਇਰਮੈਂਟ ਦੇ ਦਿੱਤੀ ਹੈ। ਜਿਨ੍ਹਾਂ ਸੱਤ ਕਾਰਜਕਾਰੀ ਇੰਜੀਨੀਅਰ ਨੂੰ ਲਾਜ਼ਮੀ ਰਿਟਾਇਰਮੈਂਟ ਦਿੱਤੀ ਗਈ ਹੈ, ਉਨ੍ਹਾਂ ਖਿਲਾਫ਼ ਸੇਵਾਕਾਲ ਦੌਰਾਨ ਵੱਖ-ਵੱਖ ਗੜਬੜੀਆਂ ਦੇ ਦੋਸ਼ ਲਾਏ ਗਏ ਸਨ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਹ ਕਾਰਵਾਈ ਜਾਂਚ ਦੇ ਨਤੀਜਿਆਂ ਤੇ ਕੰਮ ਤਸੱਲੀਬਖਸ਼ ਨਾ ਪਾਏ ਜਾਣ ਕਾਰਨ ਕੀਤੀ ਗਈ ਹੈ ।
ਸਰਕਾਰ ਵੱਲੋਂ ਇਨ੍ਹਾਂ ਸੱਤ ਅਧਿਕਾਰੀਆਂ ਦੀ ਲਾਜ਼ਮੀ ਸੇਵਾਮੁਕਤੀ ਲਈ ਸਰਕਾਰੀ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਨੂੰ ਲਾਜ਼ਮੀ ਰਿਟਾਇਰਮੈਂਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਆਜ਼ਮਗੜ੍ਹ ਵਿੱਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਰਾਜਿੰਦਰ ਕੁਮਾਰ ਸੋਨਵਾਨੀ ਅਤੇ ਮਿਰਜ਼ਾਪੁਰ ਵਿੱਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਦੇਵਪਾਲ ਦੇ ਨਾਲ-ਨਾਲ ਏਟਾ ਵਿੱਚ ਤਾਇਨਾਤ ਵਿਪਨ ਪਚੌਰੀਆ, ਸ਼੍ਰਾਵਸਤੀ ਵਿੱਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਪਵਨ ਕੁਮਾਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਖੀਰੀ ਐਨਐਚ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਗਿਰਜੇਸ਼ ਕੁਮਾਰ, ਬਲਿਆ ਦੇ ਰਾਮ ਕੇਵਲ ਪ੍ਰਸਾਦ, ਸਹਾਰਨਪੁਰ ਵਿੱਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਮਦਨ ਕੁਮਾਰ ਸੰਤੋਸ਼ੀ ਨੂੰ ਵੀ ਲਾਜ਼ਮੀ ਸੇਵਾਮੁਕਤੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਸੱਤ ਅਫਸਰਾਂ ਖ਼ਿਲਾਫ਼ ਲਾਜ਼ਮੀ ਰਿਟਾਇਰਮੈਂਟ ਦੀ ਕਾਰਵਾਈ ਨੂੰ ਲੈ ਕੇ ਹੜਕੰਪ ਮੱਚ ਗਿਆ ਹੈ । ਗੌਰਤਲਬ ਹੈ ਕਿ ਸਰਕਾਰ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ 50 ਸਾਲ ਦੀ ਉਮਰ ਤੋਂ ਬਾਅਦ ਤਿੰਨ ਮਹੀਨੇ ਦਾ ਨੋਟਿਸ ਜਾਂ ਤਨਖਾਹ ਭੱਤਾ ਦੇ ਕੇ ਰਿਟਾਇਰ ਕਰ ਸਕਦੀ ਹੈ।