Mamata banerjee dharna protest : ਪੱਛਮੀ ਬੰਗਾਲ ‘ਚ ਸੱਤਾ ਪਾਉਣ ਦੀ ਜੰਗ ਲਗਾਤਾਰ ਜਾਰੀ ਹੈ। ਇੱਕ ਬਿਆਨ ‘ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਪਿੱਛਲੇ ਦਿਨੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ‘ਤੇ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਸੀ। ਪਰ ਮਮਤਾ ਬੈਨਰਜੀ ਮੰਗਲਵਾਰ ਨੂੰ ਇਸ ਪਾਬੰਦੀ ਦਾ ਵਿਰੋਧ ਕਰ ਰਹੇ ਹਨ। ਮਮਤਾ ਬੈਨਰਜੀ ਕੋਲਕਾਤਾ ਵਿੱਚ ਗਾਂਧੀ ਦੀ ਮੂਰਤੀ ਨੇੜੇ ਧਰਨੇ ‘ਤੇ ਬੈਠੀ ਹੈ ਅਤੇ ਚੋਣ ਕਮਿਸ਼ਨ ਦੇ ਫੈਸਲੇ ਦਾ ਵਿਰੋਧ ਕਰ ਰਹੀ ਹੈ। ਮਮਤਾ ਬੈਨਰਜੀ ਵ੍ਹੀਲਚੇਅਰ ਰਾਹੀਂ ਹੀ ਧਰਨੇ ਵਾਲੀ ਥਾਂ ‘ਤੇ ਪਹੁੰਚੀ ਹੈ। ਧਰਨੇ ਦੌਰਾਨ ਮਮਤਾ ਬੈਨਰਜੀ ਨੇ ਇੱਥੇ ਇੱਕ ਪੈਟਿੰਗ ਵੀ ਬਣਾਈ ਹੈ। ਪੈਟਿੰਗ ਬਣਾਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਇਸ ਨੂੰ ਲੋਕਾਂ ਨੂੰ ਵੀ ਦਿਖਾਇਆ।
ਦਰਅਸਲ, ਮਮਤਾ ਬੈਨਰਜੀ ‘ਤੇ ਇਹ ਕਾਰਵਾਈ ਚੋਣ ਕਮਿਸ਼ਨ ਨੇ ਹਿੰਦੂ-ਮੁਸਲਿਮ ਵੋਟਾਂ ਬਾਰੇ ਦਿੱਤੇ ਬਿਆਨ ਉੱਤੇ ਕੀਤੀ ਹੈ। ਜਿਸ ਦੇ ਤਹਿਤ ਮਮਤਾ ਬੈਨਰਜੀ ਸੋਮਵਾਰ ਰਾਤ 8 ਵਜੇ ਤੋਂ ਮੰਗਲਵਾਰ ਰਾਤ 8 ਵਜੇ ਤੱਕ ਪ੍ਰਚਾਰ ਨਹੀਂ ਕਰ ਸਕੇਗੀ। ਹਾਲਾਂਕਿ, ਮਮਤਾ ਰਾਤ 8 ਵਜੇ ਤੋਂ ਬਾਅਦ ਹੀ ਦੋ ਰੈਲੀਆਂ ਨੂੰ ਸੰਬੋਧਿਤ ਕਰੇਗੀ। ਤ੍ਰਿਣਮੂਲ ਕਾਂਗਰਸ ਨੇ ਇਸ ਫੈਸਲੇ ਨੂੰ ਲੋਕਤੰਤਰ ਲਈ ਕਾਲਾ ਦਿਨ ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਮਮਤਾ ਨੇ ਪਿੱਛਲੇ ਦਿਨ ਹੀ ਟਵਿੱਟਰ ‘ਤੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿੱਚ ਚਾਰ ਪੜਾਵਾਂ ਦੀ ਵੋਟਿੰਗ ਪੂਰੀ ਹੋ ਗਈ ਹੈ। ਜਦਕਿ ਚਾਰ ਪੜਾਵਾਂ ਲਈ ਵੋਟਿੰਗ ਅਜੇ ਬਾਕੀ ਹੈ, ਪੰਜਵੇਂ ਪੜਾਅ ਲਈ 17 ਅਪ੍ਰੈਲ ਨੂੰ ਕੁੱਲ 45 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਣੀ ਹੈ।