Mamata banerjee slams PM Modi: ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ ਹੈ । ਮਮਤਾ ਨੇ ਵਿਸ਼ੇਸ਼ ਤੌਰ ‘ਤੇ ਆਕਸੀਜਨ ਦੀ ਕਮੀ ਅਤੇ ਟੀਕੇ ਦੀਆਂ ਕੀਮਤਾਂ ਦੀ ਘਾਟ ਬਾਰੇ ਵਿਚਾਰ-ਵਟਾਂਦਰੇ ਕੀਤੇ ਹਨ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ ਭਾਸ਼ਣ ਦਿੰਦੇ ਹਨ, ਉਹ ਅਸਲ ਵਿੱਚ ਕੁਝ ਨਹੀਂ ਕਰ ਰਹੇ । ਉੱਥੇ ਹੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਕਮਿਸ਼ਨ ਵੱਲੋਂ ਪਾਬੰਦੀਆਂ ਦਾ ਐਲਾਨ ਕਰਨ ਤੋਂ ਕੁਝ ਘੰਟੇ ਪਹਿਲਾਂ ਆਪਣੀਆਂ ਚਾਰ ਨਿਰਧਾਰਤ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਸਨ । ਇਨ੍ਹੀਂ ਦਿਨੀਂ ਕੋਵਿਡ ਦੇ ਵੱਧ ਰਹੇ ਸੰਕਟ ਕਾਰਨ ਬੰਗਾਲ ਵਿੱਚ ਚੋਣ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਮਮਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮਨ ਕੀ ਬਾਤ ਕਰ ਰਹੇ ਹਨ, ਜਿਸ ਵਿੱਚ ਕਿਸੇ ਨੂੰ ਦਿਲਚਸਪੀ ਨਹੀਂ ਹੈ, ਸਾਨੂੰ ਮਨ ਕੀ ਨਹੀਂ ਬਲਕਿ ਕੋਰੋਨਾ ‘ਤੇ ਗੱਲ ਕਰਨ ਦੀ ਲੋੜ ਹੈ । ਨਾਲ ਹੀ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਰੀ ਆਕਸੀਜਨ ਉੱਤਰ ਪ੍ਰਦੇਸ਼ ਵਿੱਚ ਪਹੁੰਚਾਈ ਜਾ ਰਹੀ ਹੈ । ਮਮਤਾ ਨੇ ਅੱਗੇ ਕਿਹਾ ਕਿ ਮੋਦੀ ਭਾਸ਼ਣ ਦਿੰਦੇ ਹਨ ਅਤੇ ਭੱਜ ਜਾਂਦੇ ਹਨ, ਜੇ ਉਨ੍ਹਾਂ ਨੇ ਵੈਕਸੀਨ ਪਹਿਲਾਂ ਲੋਕਾਂ ਦੇ ਲਗਵਾਈ ਹੁੰਦੀ ਤਾਂ ਅੱਜ ਭਾਰਤ ਨੂੰ ਇੰਨੇ ਵੱਡੇ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ, ਪਰ ਮੋਦੀ ਨੇ ਆਪਣੇ ਦੇਸ਼ ਦੀ ਬਜਾਏ 80 ਦੇਸ਼ਾਂ ਵਿੱਚ ਮੁਫ਼ਤ ਵਿਚ ਵੈਕਸੀਨ ਭੇਜੀ ਹੈ।
ਇਸ ਤੋਂ ਇਲਾਵਾ ਮਮਤਾ ਨੇ ਬੰਗਾਲ ਵਿੱਚ ਕੋਵਿਡ ਤੋਂ ਬਚਣ ਲਈ ਕੀਤੀਆਂ ਗਈਆਂ ਤਿਆਰੀਆਂ ‘ਤੇ ਕਿਹਾ ਕਿ ਬੰਗਾਲ ਨੇ 100 ਨਿੱਜੀ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਲਈ 60 ਪ੍ਰਤੀਸ਼ਤ ਬੈੱਡ ਅਲੱਗ ਰੱਖਣ ਦਾ ਆਦੇਸ਼ ਦਿੱਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,’ਪ੍ਰਧਾਨ ਮੰਤਰੀ ਕਹਿੰਦੇ ਹਨ ਇੱਕ ਰਾਸ਼ਟਰ, ਇੱਕ ਨੇਤਾ ਤਾਂ ਵੈਕਸੀਨ ਦੀ ਕੀਮਤ ਇੱਕ ਕਿਉਂ ਨਹੀਂ? ਕੇਂਦਰ ਲਈ ਇੱਕ ਕੀਮਤ ਅਤੇ ਰਾਜਾਂ ਲਈ ਦੂਜਾ ਕਿਉਂ?’ ਦੱਸ ਦੇਈਏ ਕਿ ਬੰਗਾਲ ਵਿੱਚ ਹੁਣ ਤੱਕ ਕੁੱਲ 99,37,069 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ।
ਇਹ ਵੀ ਦੇਖੋ: Delhi Hospital ‘ਚ Oxygen ਤੇ ਐਬੂਲੈਂਸਾਂ ਲਈ Barricade ਚੁੱਕਣ ਲਈ, Nihang Sikh ਆਏ ਅੱਗੇ