Mamata Banerjee to take oath: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋ ਗਈਆਂ ਹਨ ਤੇ ਉਨ੍ਹਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਹੁਣ ਸਰਕਾਰ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ । ਸਭ ਤੋਂ ਪਹਿਲਾਂ ਇਸਦੀ ਸ਼ੁਰੂਆਤ ਪੱਛਮੀ ਬੰਗਾਲ ਤੋਂ ਸ਼ੁਰੂ ਹੋ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਅੱਜ ਇੱਕ ਵਾਰ ਫਿਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੀ ਹੈ । ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣ ਰਹੀ ਹੈ।
ਦਰਅਸਲ, ਮਮਤਾ ਬੈਨਰਜੀ ਅੱਜ ਸਵੇਰੇ 10.45 ਵਜੇ ਪੱਛਮੀ ਬੰਗਾਲ ਦੇ ਰਾਜ ਭਵਨ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਕੋਰੋਨਾ ਸੰਕਟ ਕਾਲ ਤੇ ਉਦੇ ਦਿਸ਼ਾ-ਨਿਰਦੇਸ਼ਾਂ ਕਾਰਨ ਸਹੁੰ ਚੁੱਕ ਸਮਾਰੋਹ ਨੂੰ ਛੋਟਾ ਰੱਖਿਆ ਜਾਵੇਗਾ। ਇਸ ਸਮੇਂ ਵਿਧਾਇਕਾਂ ਦਾ ਕੋਈ ਸਹੁੰ ਚੁੱਕ ਸਮਾਗਮ ਨਹੀਂ ਹੋਵੇਗਾ।
ਤ੍ਰਿਣਮੂਲ ਕਾਂਗਰਸ ਵੱਲੋਂ ਸਹੁੰ ਚੁੱਕ ਸਮਾਰੋਹ ਵਿੱਚ ਕੁਝ ਵਿਸ਼ੇਸ਼ ਲੋਕਾਂ ਨੂੰ ਵੀ ਬੁਲਾਇਆ ਗਿਆ ਹੈ । ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼, ਸਾਬਕਾ ਮੁੱਖ ਮੰਤਰੀ ਬੁੱਧਦੇਬ ਭੱਟਾਚਾਰੀਆ, ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਹੋਰ ਸ਼ਾਮਿਲ ਹਨ। ਚੋਣ ਗਰਮੀਆਂ ਦੌਰਾਨ ਟੀਐਮਸੀ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।
ਦੱਸ ਦੇਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ 292 ਵਿੱਚੋਂ 213 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ ਹੈ । ਭਾਜਪਾ ਨੇ 77 ਸੀਟਾਂ ਜਿੱਤੀਆਂ ਹਨ ਤੇ ਹੋਰਾਂ ਨੇ ਦੋ ਸੀਟਾਂ ਜਿੱਤੀਆਂ ਹਨ।