Mamata Banerjee unlikely to attend: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਜੋਖਮ ਵਧਦਾ ਜਾ ਰਿਹਾ ਹੈ ਪਰ ਕੁਝ ਨੇਤਾ ਰਾਜਨੀਤੀ ਕਰਨ ਵਿੱਚ ਰੁੱਝੇ ਹੋਏ ਹਨ । ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸ਼ਾਮ ਕੋਰੋਨਾ ‘ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਹੈ, ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਵੇਗੀ । ਇਸ ਮੀਟਿੰਗ ਵਿੱਚ ਬੰਗਾਲ ਦੀ ਨੁਮਾਇੰਦਗੀ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਰਾਹੀਂ ਕੀਤੀ ਜਾਵੇਗੀ ।
ਦੱਸਿਆ ਜਾ ਰਿਹਾ ਹੈ ਕਿ ਬੰਗਾਲ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਕਾਰਨ ਮਮਤਾ ਬੈਨਰਜੀ ਇਸ ਬੈਠਕ ਵਿੱਚ ਸ਼ਾਮਿਲ ਨਹੀਂ ਹੋਵੇਗੀ । ਇਸ ਤੋਂ ਪਹਿਲਾਂ ਵੀ ਕੋਰੋਨਾ ਦੀ ਸਥਿਤੀ ‘ਤੇ ਮੁੱਖ ਮੰਤਰੀਆਂ ਨਾਲ ਪੀਐੱਮ ਮੋਦੀ ਦੀ ਬੈਠਕ ਵਿੱਚ ਮਮਤਾ ਬੈਨਰਜੀ ਸ਼ਾਮਿਲ ਨਹੀਂ ਹੋਈ ਸੀ।
ਦਰਅਸਲ, ਪੀਐਮ ਮੋਦੀ ਕੋਰਨਾ ਦੀ ਮੌਜੂਦਾ ਸਥਿਤੀ ‘ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ-ਵਟਾਂਦਰੇ ਕਰਨਗੇ । ਦੋ ਦਿਨ ਪਹਿਲਾਂ ਪੀਐਮ ਮੋਦੀ ਨੇ ਇੱਕ ਕੋਰੋਨਾ ਸਮੀਖਿਆ ਬੈਠਕ ਕੀਤੀ ਸੀ, ਜਿਸ ਵਿੱਚ ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਕੋਰੋਨਾ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੇ ਨਾਲ ਸਥਿਤੀ ਹਰ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਖ਼ਾਸਕਰ ਕੁਝ ਰਾਜਾਂ ਵਿੱਚ ਜਿੱਥੇ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ 12 ਰਾਜ ਅਜਿਹੇ ਹਨ, ਜਿੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਲਾਗ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ । ਇਹ ਰਾਜ ਮਹਾਰਾਸ਼ਟਰ, ਪੰਜਾਬ, ਛੱਤੀਸਗੜ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕੇਰਲ ਹਨ।