ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਸੀਟ ‘ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਮਮਤਾ ਬੈਨਰਜੀ ਨੇ ਭਾਜਪਾ ਦੀ ਪ੍ਰਿਅੰਕਾ ਟਿਬਰੇਵਾਲ ਨੂੰ 58 ਹਜ਼ਾਰ 832 ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ।
ਮਮਤਾ ਬੈਕਰਜੀ ਲਈ ਇਹ ਸੀਟ ਬਹੁਤ ਜ਼ਰੂਰੀ ਸੀ। ਇਨ੍ਹਾਂ ਚੋਣਾਂ ਵਿੱਚ ਮਮਤਾ ਬੈਨਰਜੀ ਨੂੰ ਕੁੱਲ 84 ਹਜ਼ਾਰ 709 ਵੋਟਾਂ ਮਿਲੀਆਂ, ਜਦਕਿ ਭਾਜਪਾ ਦੀ ਪਤੀਆਂਕ ਟਿਬਰੇਵਾਲ ਨੂੰ 26 ਹਜ਼ਾਰ 320 ਵੋਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿੱਚ ਮਮਤਾ ਬੈਨਰਜੀ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ: ਸਿੱਧੂ ਦਾ ਆਪਣੀ ਹੀ ਸਰਕਾਰ ‘ਤੇ ਫਿਰ ਨਿਸ਼ਾਨਾ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਕਹੀ ਵੱਡੀ ਗੱਲ
ਦਰਅਸਲ, ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਮੈਂ ਆਪਣੀ ਹਾਰ ਸਵੀਕਾਰ ਕਰਦੀ ਹਾਂ, ਪਰ ਮੈਂ ਅਦਾਲਤ ਨਹੀਂ ਜਾ ਰਹੀ।ਉਨ੍ਹਾਂ ਕਿਹਾ ਕਿ ਉਹ ਲੋਕ ਕਹਿ ਰਹੇ ਸਨ ਕਿ ਮਮਤਾ 1 ਲੱਖ ਵੋਟਾਂ ਨਾਲ ਇਹ ਚੋਣਾਂ ਜਿੱਤੇਗੀ, ਪਰ ਉਨ੍ਹਾਂ ਨੂੰ ਲਗਭਗ 50 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਮਮਤਾ ਨੂੰ ਇਸ ਜਿੱਤ ਲਈ ਵਧਾਈ ਦਿੰਦੀ ਹਾ। ਉਨ੍ਹਾਂ ਕਿਹਾ ਕਿ ਉਹ ਜਿਸ ਤਰ੍ਹਾਂ ਇਹ ਚੋਣਾਂ ਜਿੱਤੀ ਹੈ ਉਸ ਨੂੰ ਸਾਰਿਆਂ ਨੇ ਦੇਖਿਆ ਹੈ।
ਦੱਸ ਦੇਈਏ ਕਿ ਭਵਾਨੀਪੁਰ ਵਿੱਚ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਇਸ ਜਿੱਤ ਲਈ ਸਾਰਿਆਂ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਭਵਾਨੀਪੁਰ ਵਿੱਚ 46 ਪ੍ਰਤੀਸ਼ਤ ਗੈਰ ਬੰਗਾਲੀ ਵੋਟਰ ਹਨ। ਸਾਰਿਆਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੰਨੇ ਛੋਟੇ ਵਿਧਾਨ ਸਭਾ ਖੇਤਰ ਲਈ 3.5 ਹਜ਼ਾਰ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਗਈ, ਜੋ ਕਿ ਸਾਡੇ ਖ਼ਿਲਾਫ਼ ਇੱਕ ਸਾਜ਼ਿਸ਼ ਸੀ।