Mamata Modi faceoff in Bengal: ਪੱਛਮੀ ਬੰਗਾਲ ਵਿੱਚ ਇਸ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਨੇਤਾਵਾਂ ਦੇ ਦੌਰੇ ਜਾਰੀ ਹਨ । ਇਸ ਲਿਹਾਜ਼ ਨਾਲ ਅੱਜ ਪੱਛਮੀ ਬੰਗਾਲ ਵਿੱਚ ਰਾਜਨੀਤੀ ਨੂੰ ਸੁਪਰ ਸੰਡੇ ਕਿਹਾ ਜਾ ਸਕਦਾ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਇਤਿਹਾਸਕ ਪਰੇਡ ਗ੍ਰਾਊਂਡ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਨ। ਇਸ ਰੈਲੀ ਵਿੱਚ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ। ਮਿਥੁਨ ਤੋਂ ਇਲਾਵਾ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਤੇਜ਼ ਹਨ। ਉੱਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਅੱਜ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਉੱਤਰੀ ਬੰਗਾਲ ਵਿਚ ਮਾਰਚ ਕਰਨਗੇ ।
ਸੀਐਮ ਮਮਤਾ ਬੈਨਰਜੀ ਅੱਜ ਸਿਲੀਗੁੜੀ ਵਿੱਚ ਚਾਰ ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਮਮਤਾ ਦਾ ਰੋਡ ਸ਼ੋਅ ਅਜਿਹੇ ਸਮੇਂ ਹੋਵੇਗਾ ਜਦੋਂ ਕੋਲਕਾਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨਗੇ। ਮਮਤਾ ਦਾ ਮਾਰਚ ਸਿਲੀਗੁੜੀ ਦੇ ਦਾਰਜੀਲਿੰਗ ਮੋੜ ਤੋਂ ਸ਼ੁਰੂ ਹੋ ਕੇ ਸਫਦਰਸ਼ਮੀ ਚੌਕ ‘ਤੇ ਖਤਮ ਹੋਵੇਗਾ।
ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੋਣ ਤੋਂ ਬਾਅਦ ਸਿਆਸਤ ਗਰਮਾਉਂਦੀ ਜਾ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ 291 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ 57 ਸੀਟਾਂ ਲਈ ਟਿਕਟਾਂ ਦਾ ਐਲਾਨ ਕੀਤਾ ਹੈ। ਸੀਐਮ ਮਮਤਾ ਖਿਲਾਫ ਨੰਦੀਗਰਾਮ ਤੋਂ ਭਾਜਪਾ ਨੇ ਸੁਵੇਂਦੂ ਅਧਿਕਾਰ ਨੂੰ ਟਿਕਟ ਦਿੱਤੀ ਹੈ। ਟਿਕਟਾਂ ਦੇ ਐਲਾਨ ਤੋਂ ਬਾਅਦ ਰਾਜ ਦਾ ਰਾਜਨੀਤਿਕ ਤਾਪਮਾਨ ਵੱਧਦਾ ਜਾ ਰਿਹਾ ਹੈ।