Mamta ultimatum to the Center: ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਨਵੇਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਹੈ ਤਾਂ ਉਹ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਅਤੇ ਅੰਦੋਲਨ ਸ਼ੁਰੂ ਕਰਨਗੇ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦੇ ਹੋਏ ਇਸ ਬਾਰੇ ਕਈ ਟਵੀਟ ਕੀਤੇ ਹਨ। ਉਨ੍ਹਾਂ ਨੇ ਲਿਖਿਆ, “ਮੈਂ ਕਿਸਾਨਾਂ, ਉਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਬਹੁਤ ਚਿੰਤਤ ਹਾਂ। ਭਾਰਤ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈਣਾ ਚਾਹੀਦਾ ਹੈ। ਜੇ ਉਹ ਤੁਰੰਤ ਅਜਿਹਾ ਨਹੀਂ ਕਰਦੇ ਹਨ ਤਾਂ ਅਸੀਂ ਰਾਜ ਅਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਾਂਗੇ। ਅਸੀਂ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰ ਰਹੇ ਹਾਂ।”
ਮੁੱਖ ਮੰਤਰੀ ਬੈਨਰਜੀ ਨੇ ਕਿਹਾ, “ਅਸੀਂ ਸ਼ੁੱਕਰਵਾਰ, 4 ਦਸੰਬਰ ਨੂੰ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਬੈਠਕ ਬੁਲਾਈ ਹੈ। ਅਸੀਂ ਵਿਚਾਰ ਕਰਾਂਗੇ ਕਿ ਜ਼ਰੂਰੀ ਵਸਤੂਆਂ ਬਾਰੇ ਕਾਨੂੰਨ ਆਮ ਲੋਕਾਂ ਨੂੰ ਕਿਵੇਂ ਪ੍ਰਭਾਵਤ ਕਰ ਰਿਹਾ ਹੈ ਅਤੇ ਮਹਿੰਗਾਈ ਕਿੰਨੀ ਹੋ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਲੋਕ-ਵਿਰੋਧੀ ਕਾਨੂੰਨ ਨੂੰ ਵਾਪਿਸ ਲੈਣਾ ਚਾਹੀਦਾ ਹੈ।” ਉਨ੍ਹਾਂ ਕਿਹਾ, “ਭਾਰਤ ਸਰਕਾਰ ਸਭ ਕੁੱਝ ਵੇਚ ਰਹੀ ਹੈ। ਤੁਸੀਂ ਰੇਲਵੇ, ਏਅਰ ਇੰਡੀਆ, ਕੋਲਾ, ਬੀਐਸਐਨਐਲ, ਬੀਐਚਈਐਲ, ਬੈਂਕ, ਰੱਖਿਆ ਆਦਿ ਨਹੀਂ ਵੇਚ ਸਕਦੇ। ਗ਼ਲਤ ਇਰਾਦੇ ਨਾਲ ਲਿਆਂਦੀ ਗਈ ਨਿਵੇਸ਼ ਅਤੇ ਨਿੱਜੀਕਰਨ ਦੀ ਨੀਤੀ ਨੂੰ ਵਾਪਿਸ ਲਓ। ਅਸੀਂ ਆਪਣੇ ਦੇਸ਼ ਦੇ ਖਜ਼ਾਨੇ ਨੂੰ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਬਣਨ ਦੇਵਾਂਗੇ।”
ਇਹ ਵੀ ਦੇਖੋ : ਪੱਤਰਕਾਰਾਂ ਨੇ ਸਾਥੀ ਪੱਤਰਕਾਰ ‘ਤੇ ਹੋਏ ਹਮਲੇ ਤੋਂ ਬਾਅਦ ਯੂਥ ਕਾਂਗਰਸ ਖਿਲਾਫ ਖੋਲ੍ਹਿਆ ਮੋਰਚਾ