manipur water supply project: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਕਰੀਬ 10.30 ਵਜੇ ਮਨੀਪੁਰ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਹ ਸਮਾਗਮ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਹੈ। ਮਨੀਪੁਰ ਜਲ ਸਪਲਾਈ ਪ੍ਰਾਜੈਕਟ ਰਾਹੀਂ ਸਾਲ 2024 ਤੱਕ ਰਾਜ ਦੇ ਹਰ ਘਰ ਨੂੰ ਪਾਣੀ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਾਜੈਕਟ ਗ੍ਰੇਟਰ ਇੰਫਾਲ ਯੋਜਨਾਬੰਦੀ ਖੇਤਰ ਦੇ 16 ਜ਼ਿਲ੍ਹਿਆਂ ਵਿੱਚ 2,80,756 ਘਰਾਂ ਨੂੰ ਕਵਰ ਕਰਨ ਵਾਲੇ 25 ਸ਼ਹਿਰਾਂ ਅਤੇ 1,731 ਦਿਹਾਤੀ ਬਸਤੀਆਂ ਵਿੱਚ ਘਰੇਲੂ ਟੂਟੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਮਨੀਪੁਰ ਨੂੰ 1,42,749 ਘਰਾਂ ਨਾਲ 1,185 ਬਸਤੀਆਂ ਵਿੱਚ ਘਰੇਲੂ ਟੂਟੀ ਕੁਨੈਕਸ਼ਨ ਲਈ ਤਿੰਨ ਹਜ਼ਾਰ ਕਰੋੜ ਰੁਪਏ ਦੇ ਫੰਡ ਦਿੱਤੇ ਹਨ। ਮਨੀਪੁਰ ਸਰਕਾਰ ਨੇ ਬਾਕੀ ਮਕਾਨਾਂ ਨੂੰ ਉੱਤਰ ਪੂਰਬੀ ਖੇਤਰ ਵਿਕਾਸ ਵਿਭਾਗ ਦੇ ਫੰਡਾਂ ਸਮੇਤ ਪੈਸੇ ਦੇ ਵਾਧੂ ਸਰੋਤਾਂ ਰਾਹੀਂ ਕਵਰ ਕਰਨ ਦੀ ਯੋਜਨਾ ਬਣਾਈ ਹੈ।
ਤੁਹਾਨੂੰ ਦੱਸ ਦੇਈਏ ਕਿ 2019 ਦੇ ਬਜਟ ਤੋਂ ਪਹਿਲਾਂ ਮੋਦੀ ਸਰਕਾਰ ਨੇ ‘ਜਲ ਸ਼ਕਤੀ ਅਭਿਆਨ’ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਦੇਸ਼ ਦੇ 256 ਜ਼ਿਲ੍ਹਿਆਂ ਦੇ ਪ੍ਰਭਾਵਿਤ 1,592 ਬਲਾਕਾਂ ‘ਤੇ ਧਿਆਨ ਦਿੱਤਾ ਜਾਵੇਗਾ। ਇਹ ਮੁਹਿੰਮ ਪੰਜ ਨੁਕਤਿਆਂ (ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ, ਰਵਾਇਤੀ ਅਤੇ ਹੋਰ ਜਲਘਰਾਂ ਦਾ ਨਵੀਨੀਕਰਨ, ਪਾਣੀ ਦੀ ਮੁੜ ਵਰਤੋਂ ਅਤੇ ਢਾਂਚਿਆਂ ਦਾ ਰੀਚਾਰਜ, ਜਲ-ਵਿਕਾਸ ਅਤੇ ਗਹਿਰੀ ਵਣ-ਸੰਭਾਲ, ਪੀਣ ਵਾਲੇ ਪਾਣੀ ਦੀ ਸਫਾਈ) ‘ਤੇ ਕੇਂਦਰਤ ਕਰੇਗੀ। ਇਸ ਦੇ ਤਹਿਤ ਇਨ੍ਹਾਂ 256 ਜ਼ਿਲ੍ਹਿਆਂ ਦਾ ਕੰਮ ਕੇਂਦਰ ਸਰਕਾਰ ਦੇ ਵਧੀਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਸੌਪਿਆ ਗਿਆ ਹੈ। ਬਲਾਕ ਅਤੇ ਜ਼ਿਲ੍ਹਾ ਪਾਣੀ ਬਚਾਓ ਯੋਜਨਾ ਦੇ ਵਿਕਾਸ ਲਈ ਸਹਾਇਤਾ ਕਰਦਿਆਂ ਜਲ ਸੰਭਾਲ ਦੇ ਯਤਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ‘ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮੇਲੇ’ ਦੀ ਵਰਤੋਂ ਸਿੰਚਾਈ ਅਤੇ ਸਹੀ ਫਸਲਾਂ ਦੀ ਚੋਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੀਤੀ ਜਾਵੇਗੀ।