Manohar lal khattar says: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਇਸ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਤ ਰਾਮ ਸਿੰਘ ਜੀ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ।
ਕਿਸਾਨਾਂ ਦੇ ਦਰਦ ਤੋਂ ਦੁਖੀ ਹੋ ਕੇ ਸੰਤ ਰਾਮ ਸਿੰਘ ਜੀ ਨੇ ਬੁੱਧਵਾਰ ਨੂੰ ਸਿੰਘੂ ਸਰਹੱਦ ਨੇੜੇ ਖੁਦਕੁਸ਼ੀ ਕਰ ਲਈ ਸੀ। ਮੁੱਖ ਮੰਤਰੀ ਨੇ ਸੰਤ ਰਾਮ ਸਿੰਘ ਜੀ ਦੀ ਮੌਤ ਨੂੰ ਸੰਤ ਸਮਾਜ, ਦੇਸ਼ ਅਤੇ ਰਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਟਵੀਟ ਵਿੱਚ ਲਿਖਿਆ, “ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਸੰਤ ਸਮਾਜ, ਦੇਸ਼, ਰਾਜ ਅਤੇ ਮੇਰੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਬਹੁਤ ਦੁੱਖ ਦਾ ਪਲ ਹੈ, ਬਾਬਾ ਜੀ ਦੀ ਰੂਹ, ਪਰਮਾਤਮਾ ਵਿੱਚ ਲੀਨ ਹੋਵੇ। ਆਓ ਅਸੀਂ ਉਨ੍ਹਾਂ ਵਲੋਂ ਦਿਖਾਏ ਮਨੁੱਖੀ ਭਲਾਈ ਦੇ ਰਾਹ ‘ਤੇ ਚੱਲਣ ਲਈ ਦ੍ਰਿੜ ਹੋਈਏ, ਇਹ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।”
ਸੰਤ ਬਾਬਾ ਰਾਮ ਸਿੰਘ ਦਾ ਸੁਸਾਈਡ ਨੋਟ ਵੀ ਸਾਹਮਣੇ ਆਇਆ। ਉਨ੍ਹਾਂ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਨ੍ਹਾਂ ਨੇ ਕਿਸਾਨਾਂ ਦੇ ਦੁੱਖ ਵੇਖੇ। ਉਹ ਆਪਣੇ ਅਧਿਕਾਰ ਲੈਣ ਲਈ ਸੜਕਾਂ ਤੇ ਹਨ। ਇਹ ਬਹੁਤ ਦੁਖਦ ਹੈ। ਸਰਕਾਰ ਇਨਸਾਫ ਨਹੀਂ ਦੇ ਰਹੀ। ਇਹ ਜ਼ੁਲਮ ਹੈ। ਜ਼ੁਲਮ ਸਹਿਣਾ ਵੀ ਪਾਪ ਹੈ, ਜ਼ੁਲਮ ਕਰਨ ਵੀ ਪਾਪ ਹੈ। ਸੰਤ ਬਾਬਾ ਰਾਮ ਸਿੰਘ ਅੱਗੇ ਲਿਖਦੇ ਹਨ ਕਿ ਕਿਸੇ ਨੇ ਵੀ ਕਿਸਾਨਾਂ ਦੇ ਹੱਕ ‘ਚ ਅਤੇ ਜ਼ੁਲਮ ਦੇ ਵਿਰੁੱਧ ਕੁੱਝ ਨਹੀਂ ਕੀਤਾ। ਕਈਆਂ ਨੇ ਸਨਮਾਨ ਵਾਪਿਸ ਕੀਤੇ। ਇਹ ਜ਼ੁਲਮ ਵਿਰੁੱਧ ਆਵਾਜ਼ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।