Maoist attack: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਈ ਮੁੱਠਭੇੜ ਵਿੱਚ ਲਗਭਗ 2 ਦਰਜਨ ਜਵਾਨ ਸ਼ਹੀਦ ਹੋ ਗਏ । ਮੁੱਠਭੇੜ ਵਿੱਚ 31 ਜਵਾਨ ਜ਼ਖਮੀ ਵੀ ਹੋਏ ਹਨ । ਲਾਪਤਾ ਜਵਾਨਾਂ ਨੂੰ ਏਅਰਫੋਰਸ ਦੀ ਮਦਦ ਨਾਲ ਰੈਸਕਿਊ ਕਰ ਲਿਆ ਗਿਆ ਹੈ । ਹੁਣ ਉਸ ਭਿਆਨਕ ਮੁੱਠਭੇੜ ਨਾਲ ਜੁੜੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ । ਇਸ ਹਮਲੇ ਦੌਰਾਨ ਜ਼ਖਮੀ ਹੋਏ ਇੱਕ ਸਿੱਖ ਜਵਾਨ ਨੇ ਆਪਣੇ ਜ਼ਖਮੀ ਸਾਥੀ ਦਾ ਖੂਨ ਰੋਕਣ ਲਈ ਆਪਣੀ ਪੱਗ ਉਤਾਰ ਕੇ ਉਸ ਦੇ ਜ਼ਖਮਾਂ ‘ਤੇ ਬੰਨ੍ਹ ਦਿੱਤੀ ਤੇ ਉਸਦੀ ਜਾਨ ਬਚਾਈ ।
ਇਸ ਸਬੰਧੀ ਸੀਨੀਅਰ IPS ਅਧਿਕਾਰੀ ਆਰ.ਕੇ. ਵਿਜ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਇੱਕ ਟਵੀਟ ਵੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਦੀ ਕਮਾਂਡੋ ਬਟਾਲੀਅਨ ਦੇ ਇੱਕ ਸਿੱਖ ਜਵਾਨ ਨੇ ਆਪਣੇ ਸਾਥੀ ਦੇ ਜ਼ਖਮਾਂ ‘ਤੇ ਆਪਣੀ ਪੱਗ ਉਤਾਰ ਕੇ ਬੰਨ੍ਹ ਦਿੱਤੀ । ਜਵਾਨ ਨੂੰ ਨਕਸਲੀ ਹਮਲੇ ਵਿੱਚ ਗੋਲੀ ਲੱਗੀ ਸੀ । ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਸਿੱਖ ਜਵਾਨ ਨੂੰ ਵੀ ਇਸ ਹਮਲੇ ਵਿੱਚ ਗੋਲੀ ਲੱਗੀ ਸੀ।
ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਹਮਲੇ ਵਿੱਚ ਜ਼ਖਮੀ ਦੋਵੇਂ ਜਵਾਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਦੋਹਾਂ ਦੀ ਹਾਲਤ ਸਥਿਰ ਹੈ। ਪੁਲਿਸ ਅਧਿਕਾਰੀ ਨੇ ਉਸ ਸਮੇਂ ਦੀ ਇੱਕ ਫ਼ੋਟੋ ਵੀ ਸਾਂਝੀ ਕੀਤੀ ਹੈ । ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਨਕਸਲੀਆਂ ਨਾਲ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਨਕਸਲੀਆਂ ਨੇ ਗੋਲੀਬਾਰੀ ਕੀਤੀ । ਜਿਸ ਵਿੱਚ 22 ਸੁਰੱਖਿਆ ਕਰਮੀ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋ ਗਏ।