Mega tractor march: ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ 17 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਕੇ ਗਤੀਰੋਧ ਨੂੰ ਖਤਮ ਕਰਨਾ ਚਾਹੁੰਦੀ ਹੈ, ਪਰ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ । ਸਰਕਾਰ ਤੇ ਕਿਸਾਨਾਂ ਵਿਚਾਲੇ ਹੁਣ ਤੱਕ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਸਾਰੀਆਂ ਬੇਨਤੀਜਾ ਰਹੀਆਂ । ਸ਼ਨੀਵਾਰ ਨੂੰ ਕਿਸਾਨ ਨੇਤਾਵਾਂ ਨੇ ਵਧੇਰੇ ਸਖਤ ਰਵੱਈਆ ਅਪਣਾਉਂਦਿਆਂ 14 ਦਸੰਬਰ ਨੂੰ ਭੁੱਖ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ, ਪਰ ਉਸ ਤੋਂ ਪਹਿਲਾਂ ਅੱਜ ਰਾਜਸਥਾਨ ਬਾਰਡਰ ਤੋਂ ਹਜ਼ਾਰਾਂ ਕਿਸਾਨ ਟਰੈਕਟਰ ਮਾਰਚ ਕੱਢ ਕੇ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰ ਦੇਣਗੇ।
ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਨੇ ਰਾਜਧਾਨੀ ਦਿੱਲੀ ਨੂੰ ਜੋੜਨ ਵਾਲੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰ ਕਰ ਫ੍ਰੀ ਕਰ ਦਿੱਤਾ । ਇਸ ਤੋਂ ਇਲਾਵਾ ਸਹਾਰਨਪੁਰ ਦੇ ਤਿੰਨੋਂ ਟੋਲ ਪਲਾਜ਼ਿਆਂ ‘ਤੇ ਤਿੰਨ ਘੰਟੇ ਕਿਸਾਨ ਡਟੇ ਰਹੇ। ਕਿਸਾਨਾਂ ਨੇ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ NH-91 ਦੇ ਟੋਲ ਨੂੰ ਫ੍ਰੀ ਕਰ ਦਿੱਤਾ। ਕਿਸਾਨਾਂ ਨੇ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਪ੍ਰਦਰਸ਼ਨ ਕੀਤਾ ਅਤੇ ਬਿਨ੍ਹਾਂ ਟੋਲ ਲਏ ਗੱਡੀਆਂ ਨੂੰ ਲੰਘਾ ਦਿੱਤਾ ।
ਗੌਰਤਲਬ ਹੈ ਕਿ ਕਿਸਾਨਾਂ ਦੇ ਐਲਾਨ ਦਾ ਪ੍ਰਭਾਵ ਪੰਜਾਬ ਅਤੇ ਹਰਿਆਣਾ ਵਿੱਚ ਵੀ ਸਾਫ ਦਿਖਾਈ ਦਿੱਤਾ । ਅੰਬਾਲਾ ਨੇੜੇ ਬਣੇ ਸ਼ੰਭੂ ਟੋਲ ਪਲਾਜ਼ਾ ਨੂੰ ਅਧਿਕਾਰੀਆਂ ਨੇ ਆਪਣੇ ਆਪ ਇੱਕ ਸਾਵਧਾਨੀ ਉਪਾਅ ਵਜੋਂ ਟੋਲ ਮੁਕਤ ਕਰ ਦਿੱਤਾ ਸੀ। ਇਹੋ ਹਾਲ ਕਰਨਾਲ ਦੇ ਬਸਤਾਡਾ ਟੋਲ ਪਲਾਜ਼ਾ ‘ਤੇ ਵੀ ਰਿਹਾ ।
ਇਸ ਸਬੰਧੀ ਕਿਸਾਨ ਆਗੂ ਕਮਲਪ੍ਰੀਤ ਪੰਨੂੰ ਨੇ ਕਿਹਾ ਕਿ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਵੇ । ਉਨ੍ਹਾਂ ਨੂੰ ਸੋਧ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਗੱਲ ਕਰਨ ਤੋਂ ਇਨਕਾਰ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਹਜ਼ਾਰਾਂ ਕਿਸਾਨ ਰਾਜਸਥਾਨ ਦੀ ਸਰਹੱਦ ਤੋਂ ਟਰੈਕਟਰ ਮਾਰਚ ਕੱਢਣਗੇ ਅਤੇ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨਗੇ । 14 ਦਸੰਬਰ ਨੂੰ ਸਾਰੇ ਦੇਸ਼ ਦੇ ਡੀਸੀ ਦਫਤਰ ਦੇ ਅੱਗੇ ਪ੍ਰਦਰਸ਼ਨ ਹੋਣਗੇ।