Mehbooba Mufti taken into custo:ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਜ਼ਮੀਨ ਦੀ ਵਿਕਰੀ ਸੰਬੰਧੀ ਨਵੇਂ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੇ ਵਰਕਰਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਵਿਰੋਧ ਜਤਾਉਂਦਿਆਂ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਸਣੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦਰਅਸਲ, ਪੀਡੀਪੀ ਵਰਕਰਾਂ ਨੇ ਵੀਰਵਾਰ ਨੂੰ ਸ੍ਰੀਨਗਰ ਵਿੱਚ ਪਾਰਟੀ ਹੈੱਡਕੁਆਰਟਰ ਤੋਂ ਨਵੇਂ ਜ਼ਮੀਨੀ ਕਾਨੂੰਨ ਦੇ ਵਿਰੋਧ ਵਿੱਚ ਇੱਕ ਰੋਸ ਰੈਲੀ ਕਰਨੀ ਸੀ। ਜਿਵੇਂ ਹੀ ਪਾਰਟੀ ਦੇ ਆਗੂ ਅਤੇ ਵਰਕਰ ਸਮਾਗਮ ਲਈ ਮੁੱਖ ਦਫ਼ਤਰ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਯਾਨੀ ਕਿ ਜੰਮੂ-ਕਸ਼ਮੀਰ ਪੁਲਿਸ ਨੇ ਪੀਡੀਪੀ ਵਰਕਰਾਂ ਦੁਆਰਾ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਪੂਰੀ ਤਰ੍ਹਾਂ ਨਾਲ ਅਸਫਲ ਕਰ ਦਿੱਤਾ। ਹੁਣ ਤੱਕ ਦਰਜਨਾਂ ਵਰਕਰਾਂ ਅਤੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ਦੀ ਕਾਰਵਾਈ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ, “ਸ੍ਰੀਨਗਰ ਵਿੱਚ ਪੀਡੀਪੀ ਦੇ ਦਫ਼ਤਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ। ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਕੀ ਤੁਹਾਨੂੰ ਲਗਦਾ ਹੈ ਕਿ ਇਹ ‘ਆਮ’ ਸਥਿਤੀ ਹੈ ਜੋ ਤੁਸੀਂ ਪੂਰੀ ਦੁਨੀਆ ਨੂੰ ਦਿਖਾ ਰਹੇ ਹੋ।” ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, “ਪੀਡੀਪੀ ਦੇ ਪੈਰਾ ਵਾਹਿਦ, ਖੁਰਸ਼ੀਦ ਆਲਮ, ਰੌਫ ਭੱਟ, ਮੋਹਸਿਨ ਕਯੂਯਮ, ਤਾਹਿਰ ਸਈਦ, ਯਾਸੀਨ ਭੱਟ ਅਤੇ ਹਾਮਿਦ ਕੋਹਿਸਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਉਂਕਿ ਇਹ ਲੋਕ ਬਸਤੀਵਾਦੀ ਜ਼ਮੀਨੀ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਜੋ ਰਾਜ ਦੇ ਲੋਕਾਂ ‘ਤੇ ਥੋਪਿਆ ਗਿਆ ਹੈ। ਅਸੀਂ ਏਕਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ਅਤੇ ਜਨਗਣਨਾ ਨੂੰ ਬਦਲਣ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ।” ਕੱਲ ਵੀ ਪੀਡੀਪੀ ਵਰਕਰਾਂ ਨੇ ਪਹਿਲਾਂ ਇਸ ਕਾਨੂੰਨ ਦੇ ਵਿਰੋਧ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਸੀ ਅਤੇ ਉਸ ਤੋਂ ਬਾਅਦ ਪੀਡੀਪੀ ਵਰਕਰਾਂ ਨੇ ਇਸ ਕਾਨੂੰਨ ਦੇ ਵਿਰੋਧ ਵਿੱਚ ਜੰਮੂ ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਪ੍ਰਦਰਸ਼ਨ ਕੀਤਾ ਸੀ।