MHA extends internet ban: ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ 68ਵੇਂ ਦਿਨ ਵੀ ਜਾਰੀ ਹੈ। ਹੁਣ ਇਸ ਪੂਰੇ ਅੰਦੋਲਨ ਦਾ ਕੇਂਦਰ ਗ਼ਾਜ਼ੀਪੁਰ ਬਾਰਡਰ ਬਣ ਗਿਆ ਹੈ। ਜਿਸਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਗ੍ਰਹਿ ਮੰਤਰਾਲੇ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਦਿੱਲੀ ਦੇ ਤਿੰਨੋਂ ਮੁੱਖ ਬਾਰਡਰਾਂ ‘ਸਿੰਘੂ, ਟਿਕਰੀ ਤੇ ਗ਼ਾਜ਼ੀਪੁਰ ਬਾਰਡਰ ‘ਤੇ 2 ਫਰਵਰੀ ਰਾਤ 11 ਵਜੇ ਤੱਕ ਅਸਥਾਈ ਰੂਪ ਨਾਲ ਇੰਟਰਨੈੱਟ ਸੇਵਾ ਬੰਦ ਰਹੇਗੀ । ਇਸ ਤੋਂ ਪਹਿਲਾਂ ਸਰਕਾਰ ਵੱਲੋਂ 1 ਫਰਵਰੀ ਤੱਕ ਇੰਟਰਨੈੱਟ ਸੇਵਾ ਅਸਥਾਈ ਰੂਪ ਨਾਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਬੈਨ ਨੂੰ ਵਧਾ ਕੇ 2 ਫਰਵਰੀ ਰਾਤ 11 ਵਜੇ ਤੱਕ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਫਿਰ ਰਫ਼ਤਾਰ ਫੜ੍ਹ ਲਈ ਹੈ। ਗਾਜੀਪੁਰ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ । ਅਜਿਹੀ ਸਥਿਤੀ ਵਿੱਚ ਦਿੱਲੀ ਵਿੱਚ ਕਿਸਾਨਾਂ ਦੇ ਦਾਖਲੇ ਨੂੰ ਰੋਕਣ ਲਈ ਕਈ ਮੁੱਖ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ । 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਦੀ ਐਂਟਰੀ ਰੋਕਣ ਲਈ ਦੇਰ ਰਾਤ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵੱਲ ਜਾਣ ਵਾਲੇ ਮੇਰਠ ਐਕਸਪ੍ਰੈਸਵੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ । ਅਜਿਹੀ ਸਥਿਤੀ ਵਿੱਚ ਨੋਇਡਾ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਇੱਕ ਪਾਸੇ ਜਿੱਥੇ ਸਰਾਏ ਕਾਲੇ ਖਾਨ-ਪ੍ਰਗਤੀ ਮੈਦਾਨ ਤੋਂ ਅਕਸ਼ਰਧਮ-ਗਾਜੀਪੁਰ ਜਾਣ ਵਾਲੀ ਸੜਕ ‘ਤੇ ਬੱਸਾਂ ਨੂੰ ਖੜ੍ਹਾ ਕੀਤਾ ਗਿਆ ਹੈ । ਉੱਥੇ ਹੀ ਦੂਜੇ ਪਾਸੇ ਗਾਜ਼ੀਪੁਰ ਤੋਂ ਅਕਸ਼ਰਧਾਮ ਹੁੰਦੇ ਹੋਏ ਪ੍ਰਗਤੀ ਮੈਦਾਨ ਵੱਲ ਜਾਣ ਵਾਲੇ ਰਸਤੇ ‘ਤੇ ਪੱਥਰ ਦੇ ਬੈਰੀਕੇਡਸ ਲਗਾਏ ਗਏ ਹਨ । ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਗਾਜ਼ੀਪੁਰ ਬਾਰਡਰ ਨੂੰ ਇੱਕ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ।