ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਵਿੱਚ ਹਾਲਾਤ ਵੀ ਕਾਫੀ ਚਿੰਤਾਜਨਕ ਬਣ ਗਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਕਾਬੁਲ ਹਵਾਈ ਅੱਡੇ ‘ਤੇ ਵੀ ਭਗਦੜ ਦੀ ਸਥਿਤੀ ਹੈ। ਅਫਗਾਨ ਨਾਗਰਿਕ ਆਪਣੇ ਹੀ ਦੇਸ਼ ਤੋਂ ਬਚ ਨਿਕਲਣ ਲਈ ਇੱਧਰ-ਉਧਰ ਭੱਜ ਰਹੇ ਹਨ।
ਇਸੇ ਵਿਚਾਲੇ ਭਾਰਤ ਨੇ ਅਫਗਾਨ ਨਾਗਰਿਕਾਂ ਦੇ ਲਈ ‘ਈ-ਐਮਰਜੈਂਸੀ ਵੀਜ਼ਾ’ ਦੀ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਦਰਅਸਲ, ਅਫਗਾਨਿਸਤਾਨ ਵਿੱਚ ਤਣਾਅ ਦੇ ਚੱਲਦਿਆਂ ਸਾਰੇ ਦੇਸ਼ ਆਪਣੇ-ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਵਿੱਚ ਜੁੱਟੇ ਹੋਏ ਹਨ।
ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵੀਜ਼ਾ ਪ੍ਰਬੰਧ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦਾਖਲੇ ਲਈ ਫਾਸਟ-ਟ੍ਰੈਕ ਵੀਜ਼ਾ ਅਰਜ਼ੀਆਂ ਲਈ ‘ਈ-ਐਮਰਜੈਂਸੀ ਐਕਸ ਵੀਜ਼ਾ’ ਨਾਮਕ ਇਲੈਕਟ੍ਰੋਨਿਕ ਵੀਜ਼ਾ ਦੀ ਇੱਕ ਨਵੀਂ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਉਨ੍ਹਾਂ ਸਾਰੇ ਅਫਗਾਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰੇਗਾ ਜੋ ਵੱਖ-ਵੱਖ ਗਤੀਵਿਧੀਆਂ ਵਿੱਚ ਸਹਿਯੋਗ ਦੇ ਰਹੇ ਸਨ।
ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਵਿਗੜ ਰਹੇ ਹਾਲਾਤਾਂ ‘ਤੇ Khalsa Aid ਦੇ ਮੁਖੀ ਰਵੀ ਸਿੰਘ ਖਾਲਸਾ ਨੇ ਜਤਾਈ ਚਿੰਤਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਫ਼ਗ਼ਾਨਿਸਤਾਨ ਦੀ ਤਾਜ਼ਾ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਸੀਂ ਅਫਗਾਨ ਸਿੱਖ ਤੇ ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਨ੍ਹਾਂ ਲੋਕਾਂ ਦੀ ਭਾਰਤ ਵਾਪਸੀ ਲਈ ਸੁਵਿਧਾ ਮੁਹਈਆ ਕਰਵਾਵਾਂਗੇ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ।