Mla from meham balraj kundu : ਆਮਦਨ ਕਰ ਵਿਭਾਗ ਨੇ ਅੱਜ ਵੀਰਵਾਰ 25 ਫਰਵਰੀ ਨੂੰ ਹਰਿਆਣਾ ਦੇ ਮੇਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਸਮੇਤ 30 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਰੋਹਤਕ ਦੇ ਸੈਕਟਰ 14 ਅਤੇ ਗੁਰੂਗ੍ਰਾਮ ‘ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਛਾਪਾ ਮਾਰਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਹੁਰੇ ਹਿਸਾਰ ਦੇ ਹਾਂਸੀ ਵਿੱਚ ਅਤੇ ਉਨ੍ਹਾਂ ਦੇ ਦੋ ਭਰਾਵਾਂ ਦੇ ਰੋਹਤਕ ਨਿਵਾਸ ਸਮੇਤ ਉਨ੍ਹਾਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੀਆ 30 ਤੋਂ ਵੱਧ ਥਾਵਾਂ ਤੇ ਛਾਪਾ ਮਾਰਿਆ ਹੈ। ਰੋਹਤਕ ਦੇ ਜ਼ਿਲ੍ਹਾ ਪ੍ਰੀਸ਼ਦ ਰਹੇ ਬਲਰਾਜ ਕੁੰਡੂ ਨੇ ਭਾਜਪਾ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ 2019 ਦੀ ਹਰਿਆਣਾ ਵਿਧਾਨ ਸਭਾ ਚੋਣ ਲੜੀ ਸੀ। ਕੁੰਡੂ ਨੇ ਭਾਜਪਾ ਉਮੀਦਵਾਰ ਸ਼ਮਸ਼ੇਰ ਸਿੰਘ ਖਰਖਰਾ ਨੂੰ ਹਰਾਇਆ ਸੀ। ਇਸ ਚੋਣ ਵਿੱਚ ਕਾਂਗਰਸ ਦੇ ਬਜ਼ੁਰਗ ਅਨੰਦ ਸਿੰਘ ਡਾਂਗੀ ਵੀ ਹਾਰ ਗਏ ਸਨ। ਬਾਅਦ ਵਿੱਚ ਕੁੰਡੂ ਨੇ ਮਨੋਹਰ ਲਾਲ ਖੱਟਰ ਸਰਕਾਰ ਦੀ ਹਮਾਇਤ ਕੀਤੀ ਪਰ ਪਿੱਛਲੇ ਸਾਲ ਕੁੰਡੂ ਨੇ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਿਸ ਲੈ ਲਿਆ ਸੀ।
ਦੱਸ ਦੇਈਏ ਕਿ ਸੁਤੰਤਰ ਵਿਧਾਇਕ ਬਲਰਾਜ ਕੁੰਡੂ ਇਨ੍ਹੀਂ ਦਿਨੀਂ ਤਿੰਨ ਖੇਤੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਉਹ ਕਈ ਕਿਸਾਨ ਮਹਾਂਪੰਚਾਇਤਾਂ ਵਿੱਚ ਸਟੇਜ ‘ਤੇ ਵੀ ਨਜਰ ਆ ਚੁੱਕੇ ਹਨ। ਕੁੰਡੂ ਨੇ ਪਿੱਛਲੇ ਸਾਲ ਸਾਬਕਾ ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ, ਪਰ ਖੱਟਰ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਉਨ੍ਹਾਂ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ ਸੀ। ਕੁੰਡੂ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਭ੍ਰਿਸ਼ਟ ਲੋਕਾਂ ਦਾ ਸਮਰਥਨ ਕਰ ਰਹੇ ਹਨ, ਇਸ ਲਈ ਉਹ ਅਜਿਹੀ ਸਰਕਾਰ ਨੂੰ ਆਪਣਾ ਸਮਰਥਨ ਜਾਰੀ ਨਹੀਂ ਰੱਖ ਸਕਦੇ।