Moon sweeps by Jupiter: ਅਸਮਾਨ ਵਿੱਚ 22 ਅਕਤੂਬਰ ਨੂੰ ਖੂਬਸੂਰਤ ਅਤੇ ਅਦਭੁੱਤ ਨਜ਼ਾਰਾ ਦਿਖਾਈ ਦੇਵੇਗਾ। ਸ਼ਾਮ ਹੁੰਦਿਆਂ ਹੀ ਚੰਦਰਮਾ, ਸ਼ਨੀ ਅਤੇ ਬ੍ਰਹਿਸਪਤੀ ਇੱਕ ਸਿੱਧੀ ਲਾਈਨ ਵਿੱਚ ਨਜ਼ਰ ਆਉਣਗੇ। ਇਹ ਖੂਬਸੂਰਤ ਨਜ਼ਾਰਾ ਦੱਖਣ ਅਤੇ ਦੱਖਣ-ਪੱਛਮੀ ਦਿਸ਼ਾ ਦੇ ਵਿਚਕਾਰ ਨਜ਼ਰ ਆਵੇਗਾ। ਜਿਸ ਵਿੱਚ ਸਭ ਤੋਂ ਹਠਾਂ ਚੰਦਰਮਾ, ਉਸ ਤੋਂ ਉਪਰ ਬ੍ਰਹਿਸਪਤੀ ਅਤੇ ਉਸ ਦੇ ਉਪਰ ਸ਼ਨੀ ਗ੍ਰਹਿ ਇੱਕ ਲਾਈਨ ਵਿੱਚ ਹੋਣਗੇ। ਇਨ੍ਹਾਂ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕੇਗਾ। ਇਹ ਨਜ਼ਾਰਾ ਸੂਰਜ ਡੁੱਬਣ ਤੋਂ ਬਾਅਦ ਰਾਤ ਲਗਭਗ 9 ਵਜੇ ਤੱਕ ਨਜ਼ਰ ਆਵੇਗਾ। ਜਦੋਂ ਤੱਕ ਚੰਦਰਮਾ ਨਹੀਂ ਡੁੱਬੇਗਾ। ਠੀਕ 9 ਵਜੇ ਮੰਗਲ ਗ੍ਰਹਿ ਦੱਖਣੀ ਦਿਸ਼ਾ ਵਿੱਚ ਕਾਫ਼ੀ ਉਚਾਈ ਲਈ ਚਮਕਦਾ ਹੋਇਆ ਨਜ਼ਰ ਆਵੇਗਾ।
ਦੱਸ ਦੇਈਏ ਕਿ 19 ਅਕਤੂਬਰ ਤੋਂ ਰਾਤ ਨੂੰ ਅਸਮਾਨ ਵਿੱਚ ਇਹ ਨਜ਼ਾਰਾ ਦਿਖਾਈ ਦੇਵੇਗਾ । ਪਰ ਚੰਦਰਮਾ ਅਤੇ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ਵਿਚਕਾਰ ਦੀ ਦੂਰੀ ਨੰਗੀਆਂ ਅੱਖਾਂ ਨਾਲ ਦੇਖਣ ‘ਤੇ ਰੋਜ਼ਾਨਾ ਘੱਟਦੀ ਹੋਈ ਦਿਖਾਈ ਦੇਵੇਗੀ। 22 ਅਕਤੂਬਰ ਨੂੰ ਚੰਦਰਮਾ ਅਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਦੀ ਦੂਰੀ ਕਾਫੀ ਘੱਟ ਹੋ ਜਾਵੇਗੀ। ਇਹ ਦੋਨੋਂ ਸੰਜੋਗ ਦੀ ਸਥਿਤੀ ਵਿੱਚ ਆ ਜਾਣਗੇ। ਠੀਕ ਇਸੇ ਤਰ੍ਹਾਂ ਅਗਲੇ ਦਿਨ ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਵਿਚਕਾਰ ਕੋਣੀ ਦੂਰੀ ਕਾਫ਼ੀ ਘੱਟ ਰਹਿ ਜਾਵੇਗੀ। ਦੋਨੋਂ ਰਾਤ ਵਿੱਚ ਅਸਮਾਨ ਵਿੱਚ ਕਾਫ਼ੀ ਨੇੜੇ ਨਜ਼ਰ ਆਉਣਗੇ।
ਉੱਥੇ ਹੀ 23 ਅਕਤੂਬਰ ਨੂੰ ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਵਿਚਕਾਰ ਕੋਣੀ ਦੂਰੀ ਲਗਭਗ 2.5 ਹੀ ਰਹਿ ਜਾਵੇਗੀ। ਜਿਸ ਨਾਲ ਇਸ ਦਿਨ ਸ਼ਨੀ ਅਤੇ ਚੰਦਰਮਾ ਬਹੁਤ ਨੇੜੇ ਨਜ਼ਰ ਆਉਣਗੇ। ਖਗੋਲ ਪ੍ਰੇਮੀਆਂ ਲਈ ਇਹ ਕਾਫ਼ੀ ਵਧੀਆ ਮੌਕਾ ਹੈ। ਉਹ ਚੰਦਰਮਾ ਦੇ ਨੇੜੇ ਸਥਿਤ ਗ੍ਰਹਿ ਨੂੰ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਨ।