msp for fruits and vegetables: ਤਿਰੂਵਨੰਤਪੁਰਮ : ਕਿਸਾਨਾਂ ਲਈ ਇੱਕ ਚੰਗੀ ਖਬਰ ਆਈ ਹੈ। ਕੇਰਲ ਨੇ ਸਬਜ਼ੀਆਂ ਦਾ ਘੱਟੋ ਘੱਟ ਮੁੱਲ ਤੈਅ ਕਰਨ ਦਾ ਫੈਸਲਾ ਕੀਤਾ ਹੈ। ਕੇਰਲ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਸਬਜ਼ੀਆਂ ਦਾ ਇਹ ਘੱਟੋ ਘੱਟ ਜਾਂ ਅਧਾਰ ਮੁੱਲ ਉਨ੍ਹਾਂ ਦੇ ਉਤਪਾਦਨ ਦੀ ਲਾਗਤ ਨਾਲੋਂ 20 ਫ਼ੀਸਦੀ ਵਧੇਰੇ ਹੋਵੇਗਾ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ 1 ਨਵੰਬਰ ਤੋਂ ਲਾਗੂ ਹੋਵੇਗੀ। ਇਸ ਸਕੀਮ ਨੂੰ ਆਨਲਾਈਨ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੇਰਲਾ ਵਿੱਚ ਪੈਦਾ ਹੋਈਆਂ 16 ਕਿਸਮਾਂ ਦੀਆਂ ਸਬਜ਼ੀਆਂ ਦਾ ਅਧਾਰ ਮੁੱਲ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਦੀ ਇਹ ਪਹਿਲੀ ਅਜਿਹੀ ਪਹਿਲ ਹੈ ਜੋ ਕਿ ਕਿਸਾਨਾਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰੇਗੀ। ਇੱਕ ਸਰਕਾਰੀ ਬਿਆਨ ਵਿੱਚ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਬਜ਼ੀਆਂ ਦੀ ਅਧਾਰ ਕੀਮਤ ਉਨ੍ਹਾਂ ਦੀ ਉਤਪਾਦਨ ਲਾਗਤ ਨਾਲੋਂ 20 ਫ਼ੀਸਦੀ ਵਧੇਰੇ ਹੋਵੇਗੀ। ਭਾਵੇਂ ਬਾਜ਼ਾਰ ‘ਚ ਕੀਮਤ ਇਸ ਤੋਂ ਵੀ ਘੱਟ ਜਾਂਦੀ ਹੈ, ਪਰ ਤਾਂ ਵੀ ਕਿਸਾਨ ਆਪਣੀ ਫ਼ਸਲ ਨੂੰ ਬੇਸ ਕੀਮਤ ‘ਤੇ ਵੇਚ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਬਜ਼ੀਆਂ ਦੀ ਕੁਆਲਟੀ ਅਨੁਸਾਰ ਉਨ੍ਹਾਂ ਨੂੰ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਅਧਾਰ ਮੁੱਲ ਨਿਰਧਾਰਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਸੰਤੁਸ਼ਟ ਨਹੀਂ ਹਨ ਪਰ ਅਸੀਂ ਪਿੱਛਲੇ ਸਾਢੇ ਚਾਰ ਸਾਲਾਂ ਤੋਂ ਉਨ੍ਹਾਂ ਦਾ ਸਮਰਥਨ ਕੀਤਾ ਹੈ। ਸਰਕਾਰ ਨੇ ਰਾਜ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕੇਰਲ ਵਿੱਚ ਪਿੱਛਲੇ ਸਾਢੇ ਚਾਰ ਸਾਲਾਂ ਵਿੱਚ ਸਬਜ਼ੀਆਂ ਦਾ ਉਤਪਾਦਨ ਦੁੱਗਣਾ ਹੋਇਆ ਹੈ ਭਾਵ ਇਹ ਉਤਪਾਦਨ ਸੱਤ ਲੱਖ ਟਨ ਤੋਂ ਵੱਧ ਕੇ 14.72 ਲੱਖ ਟਨ ਹੋ ਗਿਆ ਹੈ। ਕੇਰਲ ਵਿੱਚ ਕੇਲੇ ਦਾ ਸਮਰਥਨ ਮੁੱਲ 30 ਰੁਪਏ, ਅਨਾਨਾਸ 15 ਰੁਪਏ ਪ੍ਰਤੀ ਕਿਲੋ ਅਤੇ ਟਮਾਟਰ ਦਾ ਐਮਐਸਪੀ 8 ਰੁਪਏ ਪ੍ਰਤੀ ਕਿੱਲੋ ਨਿਰਧਾਰਤ ਕੀਤਾ ਗਿਆ ਹੈ। ਇਸ ਯੋਜਨਾ ਲਈ ਚਾਲੂ ਸਾਲ ਲਈ 35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਕੇਰਲ ਸਰਕਾਰ ਇਸ ਯੋਜਨਾ ਦੇ ਤਹਿਤ ਇੱਕ ਹਜ਼ਾਰ ਸਟੋਰ ਵੀ ਖੋਲ੍ਹੇਗੀ। ਕਰਨਾਟਕ ਸਰਕਾਰ ਵੀ ਅਜਿਹੀ ਮੰਗ ‘ਤੇ ਵਿਚਾਰ ਕਰ ਰਹੀ ਹੈ। ਅਜਿਹੀ ਮੰਗ ਹੁਣ ਪੰਜਾਬ ਵਿੱਚ ਵੀ ਵੱਧ ਰਹੀ ਹੈ। ਮਹਾਰਾਸ਼ਟਰ ਵਿੱਚ ਵੀ ਸਮੇਂ-ਸਮੇਂ ‘ਤੇ ਅਜਿਹੀਆਂ ਮੰਗਾਂ ਉੱਠਦੀਆਂ ਰਹੀਆਂ ਹਨ। ਮਹਾਰਾਸ਼ਟਰ ਦੇ ਕਿਸਾਨ, ਖ਼ਾਸਕਰ ਅੰਗੂਰ, ਟਮਾਟਰ, ਪਿਆਜ਼ ਵਰਗੀਆਂ ਫਸਲਾਂ ਸਬੰਧੀ ਬਹੁਤ ਪ੍ਰੇਸ਼ਾਨ ਹਨ। ਕੁੱਝ ਸਾਲ ਪਹਿਲਾਂ ਵੇਖਿਆ ਗਿਆ ਸੀ ਕਿ ਕਿਸਾਨਾਂ ਨੂੰ ਅੰਗੂਰ 10 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣੇ ਪਏ ਸਨ ਜਦਕਿ ਉਨ੍ਹਾਂ ਦੀ ਕੀਮਤ 40 ਰੁਪਏ ਪ੍ਰਤੀ ਕਿੱਲੋ ਤੱਕ ਆ ਰਹੀ ਸੀ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਹਾਲ ਹੀ ਵਿੱਚ ਰਾਜ ਸਰਕਾਰ ਤੋਂ ਸਬਜ਼ੀਆਂ ਅਤੇ ਫਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ।