Mufti surrounded by tricolor statement: ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਵੱਲੋਂ ਹਾਲ ਹੀ ਵਿੱਚ ਤਿਰੰਗੇ ਬਾਰੇ ਦਿੱਤੇ ਇਤਰਾਜ਼ਯੋਗ ਬਿਆਨਾਂ ਬਾਰੇ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਹਿਬੂਬਾ ਦੇ ਇਨ੍ਹਾਂ ਇਤਰਾਜ਼ਯੋਗ ਬਿਆਨਾਂ ਨੂੰ ਅਧਾਰ ਮੰਨਦਿਆਂ ਸ਼ਿਕਾਇਤਕਰਤਾ ਨੇ ਜੰਮੂ ਪੁਲਿਸ ਤੋਂ ਮਹਿਬੂਬਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਸਮਾਜ ਸੇਵੀ ਅਦਿਤੀ ਸ਼ਰਮਾ ਨੇ ਜੰਮੂ ਦੇ ਗਾਂਧੀਨਗਰ ਥਾਣੇ ਵਿੱਚ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 23 ਅਕਤੂਬਰ 2020 ਨੂੰ ਮਹਿਬੂਬਾ ਮੁਫਤੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਕਿਸੇ ਵੀ ਹੁਕਮ ਦੀ ਪਾਲਣਾ ਨਹੀਂ ਕਰਦੀ ਅਤੇ ਨਾ ਹੀ ਉਹ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਿਬੂਬਾ ਨੇ ਇਸ ਪ੍ਰੈਸ ਕਾਨਫਰੰਸ ‘ਚ ਇਹ ਵੀ ਕਿਹਾ ਸੀ ਕਿ ਉਹ ਅਤੇ ਕਸ਼ਮੀਰ ਵਿੱਚ ਰਹਿੰਦੇ ਲੋਕ ਤਿਰੰਗੇ ਦਾ ਸਤਿਕਾਰ ਨਹੀਂ ਕਰਦੇ।
ਇਸ ਸ਼ਿਕਾਇਤ ਵਿੱਚ ਅਦਿਤੀ ਸ਼ਰਮਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਕਿਸੇ ਨੂੰ ਵੀ ਰਾਸ਼ਟਰੀ ਝੰਡੇ ਬਾਰੇ ਇਤਰਾਜ਼ਯੋਗ ਸ਼ਬਦ ਕਹਿਣ ਦੀ ਆਗਿਆ ਨਹੀਂ ਦਿੰਦਾ। ਆਪਣੀ ਸ਼ਿਕਾਇਤ ‘ਚ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੇ ਨਾਗਰਿਕ ਅਤੇ ਜੰਮੂ ਕਸ਼ਮੀਰ ਦੇ ਲੋਕ ਦੇਸ਼ ਵਿਰੋਧੀ ਅਜਿਹੀਆਂ ਚੀਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਨੂੰ ਸਬੰਧਿਤ ਧਾਰਾਵਾਂ ‘ਚ ਮਹਿਬੂਬਾ ਖਿਲਾਫ ਛੇਤੀ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਪੀਡੀਪੀ ਦੀ ਚੀਫ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਸੀ ਕਿ ਜਦੋਂ ਤੱਕ ਜੰਮੂ-ਕਸ਼ਮੀਰ ਦਾ ਝੰਡਾ ਉਨ੍ਹਾਂ ਦੇ ਹੱਥ ਨਹੀਂ ਆਉਂਦਾ ਉਦੋਂ ਤੱਕ ਉਹ ਕੋਈ ਹੋਰ ਝੰਡਾ ਨਹੀਂ ਚੁੱਕ ਸਕਦੀ। ਇੱਕ ਪ੍ਰੈਸ ਕਾਨਫਰੰਸ ਦੌਰਾਨ ਮਹਿਬੂਬਾ ਮੁਫਤੀ ਨੇ ਮੇਜ਼ ਉੱਤੇ ਰੱਖੇ ਜੰਮੂ-ਕਸ਼ਮੀਰ ਦੇ ਝੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਦੋਂ ਇਹ ਝੰਡਾ ਵਾਪਿਸ ਆਵੇਗਾ ਤਾਂ ਅਸੀਂ ਉਹ ਝੰਡਾ (ਤਿਰੰਗਾ) ਵੀ ਚੁੱਕਾਂਗੇ। ਜਦੋਂ ਤੱਕ ਸਾਨੂੰ ਆਪਣਾ ਝੰਡਾ ਵਾਪਿਸ ਨਹੀਂ ਮਿਲ ਜਾਂਦਾ ਅਸੀਂ ਕੋਈ ਹੋਰ ਝੰਡਾ ਨਹੀਂ ਚੁੱਕਾਂਗੇ। ਤਿਰੰਗੇ ਨਾਲ ਸਾਡਾ ਸਬੰਧ ਇਸ ਝੰਡੇ (ਜੰਮੂ-ਕਸ਼ਮੀਰ ਦੇ) ਤੋਂ ਵੱਖਰਾ ਨਹੀਂ ਹੈ। ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ 14 ਮਹੀਨਿਆਂ ਦੀ ਹਿਰਾਸਤ ਤੋਂ ਬਾਅਦ 13 ਅਕਤੂਬਰ ਨੂੰ ਰਿਹਾ ਕੀਤਾ ਗਿਆ ਸੀ।