Multisystem inflammatory syndrome: ਅਹਿਮਦਾਬਾਦ: ਇੱਕ ਪਾਸੇ ਜਿੱਥੇ ਸਾਰੀ ਦੁਨੀਆ ਤੇ ਦੇਸ਼ ਦੇ ਲੋਕ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਸਨ, ਉੱਥੇ ਹੀ ਹੁਣ ਦੇਸ਼ ਵਿੱਚ ਇੱਕ ਹੋਰ ਖ਼ਤਰਨਾਕ ਬਿਮਾਰੀ ਨੇ ਕਦਮ ਰੱਖ ਲਿਆ ਹੈ। ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਨੂੰ ਹੋਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਦਾ ਪਹਿਲਾ ਮਾਮਲਾ ਸੂਰਤ ਵਿੱਚ ਦੇਖਣ ਨੂੰ ਮਿਲਿਆ ਹੈ । ਇਸ ਬਿਮਾਰੀ ਨੂੰ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਬਿਮਾਰੀ ਦਾ ਨਾਮ ਹੈ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ (Multisystem Inflammatory Syndrome) ਹੈ। ਇਸ ਨੂੰ MIS-C ਵੀ ਕਹਿੰਦੇ ਹਨ । ਇਸ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਰਤ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 10 ਸਾਲਾਂ ਬੱਚੇ ਦੇ ਸਰੀਰ ਵਿੱਚ MIS-C ਯਾਨੀ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਪਾਏ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਹਾਲੇ ਸਿਰਫ ਅਮਰੀਕਾ ਅਤੇ ਯੂਰੋਪੀ ਦੇਸ਼ਾਂ ਵਿੱਚ ਹੁੰਦੀ ਸੀ। ਇਸ ਬਿਮਾਰੀ ਨਾਲ ਪੀੜਤ ਬੱਚੇ ਦੇ ਪਰਿਵਾਰ ਨੇ ਆਪਣੇ ਬੇਟੇ ਨੂੰ ਸੂਰਤ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਇਸ ਬੱਚੇ ਨੂੰ ਬੁਖਾਰ,ਉਲਟੀ, ਖੰਘ, ਦਸਤ ਵਰਗੇ ਲੱਛਣ ਹੋ ਰਹੇ ਹਨ। ਨਾਲ ਹੀ ਉਸ ਦੀਆਂ ਅੱਖਾਂ ਅਤੇ ਬੁੱਲ੍ਹ ਵੀ ਲਾਲ ਹੋ ਗਏ ਹਨ । ਜਦੋਂ ਬੱਚੇ ਦੀ ਜਾਂਚ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਬੱਚੇ ਦੇ ਸਰੀਰ ਵਿੱਚ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਇਸ ਬੱਚੇ ਦੇ ਦਿਲ ਦੀ ਧੜਕਣ 30 ਫੀਸਦੀ ਘੱਟ ਗਈ ਸੀ । ਉਸ ਦੇ ਸਰੀਰ ਦੀਆਂ ਨਾੜੀਆਂ ਸੁੱਜੀਆਂ ਹੋਈਆਂ ਸਨ । ਇਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ, ਪਰ 7 ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਬਿਮਾਰੀ ਦੇ ਦੇਸ਼ ਵਿੱਚ ਫੈਲਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਇਸ ਬਿਮਾਰੀ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸਦੀ ਚਪੇਟ ਵਿੱਚ 3 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਨੌਜਵਾਨ ਆ ਸਕਦੇ ਹਨ। ਮੁਸ਼ਕਿਲ ਇਹ ਹੈ ਕਿ ਇਸਨੂੰ ਜਾਂਚ ਵਿੱਚ ਫੜ੍ਹਨਾ ਆਸਾਨ ਨਹੀਂ ਹੈ।