26/11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਗਿਆ ਹੈ। NIA ਦੀ 7 ਮੈਂਬਰੀ ਟੀਮ ਤਹੱਵੁਰ ਰਾਣਾ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਦਿੱਲੀ ਲੈ ਕੇ ਆਈ ਹੈ। ਉਹ ਦਿੱਲੀ ਹਵਾਈ ਅੱਡੇ ‘ਤੇ ਸਖ਼ਤ ਸੁਰੱਖਿਆ ਵਿਚਕਾਰ ਇੱਥੇ ਪਹੁੰਚਿਆ। ਤਹੱਵੁਰ ਰਾਣਾ ਦੀ ਮੈਡੀਕਲ ਜਾਂਚ ਹੋਵੇਗੀ ਅਤੇ ਫਿਰ ਐਨਆਈਏ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਤੋਂ ਬਾਅਦ ਤਿਹਾੜ ਜੇਲ੍ਹ ਦੇ ਹਾਈ ਸਕਿਓਰਿਟੀ ਵਾਰਡ ਵਿੱਚ ਰੱਖਿਆ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਕ ਤਹੱਵੁਰ ਰਾਣਾ (64) ਨੂੰ ਦਿੱਲੀ ਨੂੰ ਤਿਹਾੜ ਜੇਲ੍ਹ ਦੇ ਹਾਈ ਸਕਿਓਰਿਟੀ ਵਾਰਡ ਵਿੱਚ ਰੱਖਿਆ ਜਾਵੇਗਾ। ਜੇਲ੍ਹ ਵਿੱਚ ਪਹਿਲਾਂ ਹੀ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ। ਤਹੱਵੁਰ ਰਾਣਾ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦਾ ਕਰੀਬੀ ਸਾਥੀ ਹੈ, ਜੋ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਹੈ। ਰਾਣਾ ਨੂੰ ਲੈ ਕੇ ਇੱਕ ਵਿਸ਼ੇਸ਼ ਚਾਰਟਰਡ ਫਲਾਈਟ ਬੁੱਧਵਾਰ (9 ਅਪ੍ਰੈਲ) ਨੂੰ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋਈ। 2008 ‘ਚ ਹੋਏ ਅੱਤਵਾਦੀ ਹਮਲੇ ‘ਚ 166 ਲੋਕ ਮਾਰੇ ਗਏ ਸਨ।
ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਵਾਲਗੀ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਰਾਣਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਹਿਰਾਸਤ ਵਿੱਚ ਲਿਆ ਜਾਵੇਗਾ, ਜੋ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਨਾਲ ਉਸ ਦੀ ਹਵਾਲਗੀ ਦਾ ਕੋਰਡਿਨੇਸ਼ਨ ਕਰ ਰਹੀ ਹੈ। ਉਸ ਨੂੰ ਜਲਦੀ ਹੀ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਰਾਣਾ ‘ਤੇ ਅਪਰਾਧਿਕ ਸਾਜ਼ਿਸ਼, ਭਾਰਤ ਸਰਕਾਰ ਵਿਰੁੱਧ ਜੰਗ ਛੇੜਨ, ਕਤਲ, ਜਾਅਲਸਾਜ਼ੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਸਮੇਤ ਕਈ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਹਾਲਾਂਕਿ, ਮੁੰਬਈ ਪੁਲਿਸ ਨੂੰ ਅਜੇ ਤੱਕ ਉਸ ਦੇ ਸ਼ਹਿਰ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਜਦੋਂ ਉਸ ਨੂੰ ਮੁੰਬਈ ਲਿਜਾਇਆ ਜਾਵੇਗਾ ਤਾਂ ਉਸ ਨੂੰ ਆਰਥਰ ਰੋਡ ਜੇਲ੍ਹ ਦੀ ਉਸੇ ਕੋਠੜੀ ਵਿੱਚ ਰੱਖਿਆ ਜਾਵੇਗਾ ਜਿੱਥੇ ਅੱਤਵਾਦੀ ਕਸਾਬ ਨੂੰ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ :PGI ਚੰਡੀਗੜ੍ਹ AI ਨਾਲ ਕਰੇਗਾ ਕੈਂਸਰ ਦੀ ਪਛਾਣ, ਆਵਾਜ਼ ਤੋਂ ਪਤਾ ਲੱਗ ਜਾਏਗੀ ਬੀਮਾਰੀ!
ਟਰੰਪ ਦੇ ਹਰੀ ਝੰਡੀ ਤੋਂ ਬਾਅਦ ਸਫਲਤਾ
ਡੇਵਿਡ ਕੋਲਮੈਨ ਹੈਡਲੀ ਦੇ ਸਹਿਯੋਗੀ ਹੋਣ ਤੋਂ ਇਲਾਵਾ, ਰਾਣਾ ਦੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਨਜ਼ਦੀਕੀ ਸਬੰਧ ਸਨ। ਰਾਣਾ ਦੀ ਹਵਾਲਗੀ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵ੍ਹਾਈਟ ਹਾਊਸ ਫੇਰੀ ਦੌਰਾਨ ਕੀਤਾ ਸੀ। ਇਸ ਤੋਂ ਬਾਅਦ ਰਾਣਾ ਨੇ ਸੁਪਰੀਮ ਕੋਰਟ ‘ਚ ਹਵਾਲਗੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਸ ਦੀਆਂ ਸਾਰੀਆਂ ਕਾਨੂੰਨੀ ਅਪੀਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
