Mumbai auto driver sold his house: ਮੁੰਬਈ ਦੇ ਇੱਕ ਬਜ਼ੁਰਗ ਆਟੋ ਚਾਲਕ ਦਾ ਆਪਣੀ ਪੋਤੀ ਨੂੰ ਪੜ੍ਹਾਉਣ ਦਾ ਦ੍ਰਿੜ ਟੀਚਾ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਇਸ ਬਜ਼ੁਰਗ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਬਜ਼ੁਰਗ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਮਵਾਰੀ 74 ਸਾਲਾਂ ਬਜ਼ੁਰਗ ‘ਤੇ ਹੀ ਹੈ। ਦੱਸ ਦੇਈਏ ਕਿ ਸੀਮਤ ਸਾਧਨਾਂ ਕਾਰਨ 74 ਸਾਲਾਂ ਦੇਸਰਾਜ ਨੇ ਪੋਤੀ ਦੀ ਪੜ੍ਹਾਈ ਪੂਰੀ ਕਰਾਉਣ ਲਈ ਆਪਣਾ ਘਰ ਵੇਚ ਦਿੱਤਾ ਤਾਂ ਜੋ ਉਹ ਪੋਤੀ ਦਾ ਅਧਿਆਪਕ ਬਣਨ ਦਾ ਸੁਫ਼ਨਾ ਪੂਰਾ ਕਰਨ ਵਿੱਚ ਮਦਦ ਕਰ ਸਕੇ।
ਉੱਥੇ ਹੀ ਇੱਕ ਦਾਦੇ ਦਾ ਆਪਣੀ ਪੋਤੀ ਲਈ ਪਿਆਰ ਦੇਖ ਕਈ ਲੋਕ ਇਸ ਬਜ਼ੁਰਗ ਦੀ ਮਦਦ ਲਈ ਅੱਗੇ ਆਏ ਹਨ। ਸੋਸ਼ਲ ਮੀਡੀਆ ‘ਤੇ ਇਹ ਖਬਰ ਵਾਇਰਲ ਹੋਣ ਤੋਂ ਬਾਅਦ ਕ੍ਰਾਊਡਫੰਡਿੰਗ ਪਹਿਲ ਦੇ ਮਾਧਿਅਮ ਰਾਹੀਂ 24 ਲੱਖ ਰੁਪਏ ਇਕੱਠੇ ਕੀਤੇ ਗਏ ਤੇ ਇਨ੍ਹਾਂ ਰੁਪਇਆਂ ਦਾ ਚੈੱਕ ਆਟੋ ਚਾਲਕ ਨੂੰ ਸੌਂਪ ਦਿੱਤਾ ਗਿਆ। ਦਰਅਸਲ ਇੱਕ ਪੇਜ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਬਜ਼ੁਰਗ ਦੀ ਕਹਾਣੀ ਨੂੰ ਸਾਰਿਆਂ ਸਾਹਮਣੇ ਲਿਆਉਂਦਾ ਗਿਆ । ਬਜ਼ੁਰਗ ਨੇ ਪੋਸਟ ਵਿੱਚ ਕਿਹਾ ਕਿ ਉਸਨੇ ਆਪਣੀ ਪੋਤੀ ਦੀ ਪੜ੍ਹਾਈ ਲਈ ਆਪਣਾ ਘਰ ਵੇਚਿਆ ਸੀ, ਜਿਸ ਕਾਰਨ ਉਹ ਆਪਣੇ ਆਟੋ ਵਿੱਚ ਰਹਿੰਦਾ ਹੈ। ਉਸਦੀ ਕਹਾਣੀ ਨੇ ਹਜ਼ਾਰਾਂ ਲੋਕਾਂ ਨੂੰ ਭਾਵੁਕ ਬਣਾਇਆ ਅਤੇ ਉਸਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ।
ਜਿਸ ਤੋਂ ਬਾਅਦ ਬਜ਼ੁਰਗ ਦੀ ਮਦਦ ਲਈ 20 ਲੱਖ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਬਹੁਤ ਸਾਰੇ ਲੋਕਾਂ ਨੇ ਬਜ਼ੁਰਗ ਦੀ ਸਹਾਇਤਾ ਲਈ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਅਤੇ ਇਸ ਤਰ੍ਹਾਂ 24 ਲੱਖ ਰੁਪਏ ਇਕੱਠੇ ਹੋ ਗਏ । ਜਿਸ ਤੋਂ ਬਾਅਦ 24 ਲੱਖ ਦਾ ਚੈੱਕ ਦੇਸਰਾਜ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਜੋ ਉਹ ਮਕਾਨ ਖਰੀਦ ਸਕਣ ।ਜਦ ਲੋਕਾਂ ਨੂੰ ਪਤਾ ਲੱਗਿਆ ਕਿ 24 ਲੱਖ ਦਾ ਚੈੱਕ ਦੇਸਰਾਜ ਨੂੰ ਸੌਂਪਿਆ ਗਿਆ ਹੈ ਤਾਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਖੁਸ਼ੀ ਜ਼ਾਹਿਰ ਕਰਨੀ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਬਜ਼ੁਰਗ ਦੇਸ਼ਰਾਜ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਆਟੋ ਚਲਾ ਕੇ ਪਾਲ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ 7 ਮੈਂਬਰ ਹਨ। ਉਹ ਮੁੰਬਈ ਵਿੱਚ ਸਾਰਾ ਦਿਨ ਆਟੋ ਚਲਾਉਂਦੇ ਹਨ ਤੇ 10 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਹਨ । ਪਰ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਉਹ ਮੁਸਕੁਰਾਉਂਦੇ ਹੋਏ ਆਪਣੀ ਪੋਤੀ ਦੇ ਅਧਿਆਪਕ ਬਣਨ ਦੇ ਸੁਫ਼ਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਇਹ ਵੀ ਦੇਖੋ: ਸੁਰਾਂ ਦੇ ਬਾਦਸ਼ਾਹ ਅਲਵਿਦਾ – ਦੇਖੋ ਕੌਣ ਕੌਣ ਪਹੁੰਚ ਰਿਹਾ ਸਰਦੂਲ ਸਿਕੰਦਰ ਦੇ ਆਖਰੀ ਦਰਸ਼ਨਾਂ ਲਈ