Mumbai Heavy Rain: ਚੱਕਰਵਾਤੀ ਤੂਫਾਨ ਨਿਸਰਗ ਕਾਰਨ ਮਹਾਂਰਾਸ਼ਟਰ ਵਿੱਚ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ । ਮੁੰਬਈ ਵਿੱਚ ਬੁੱਧਵਾਰ ਰਾਤ ਤੋਂ ਬਾਰਿਸ਼ ਹੋ ਰਹੀ ਹੈ । ਹਰ ਜਗ੍ਹਾ ਪਾਣੀ ਭਰ ਗਿਆ ਹੈ । ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ । ਇਸ ਤੋਂ ਇਲਾਵਾ ਅਗਲੇ 2 ਤੋਂ 3 ਦਿਨਾਂ ਤੱਕ ਰਾਜਸਥਾਨ, ਹਰਿਆਣਾ, ਪੰਜਾਬ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ ।
ਬੁੱਧਵਾਰ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਗੋਆ ਵਿੱਚ ਭਾਰੀ ਬਾਰਿਸ਼ ਹੋਈ । ਇਸ ਦੇ ਨਾਲ ਹੀ ਰਾਜਸਥਾਨ, ਉੱਤਰ ਪ੍ਰਦੇਸ਼ ਸਣੇ ਕਈ ਮੈਦਾਨੀ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ । ਇਸ ਦੌਰਾਨ ਬੁੱਧਵਾਰ ਨੂੰ ਸ਼ਿਮਲਾ ਵਿੱਚ ਬਰਫਬਾਰੀ ਦੇਖਣ ਨੂੰ ਮਿਲੀ । ਇੱਥੇ ਅਗਲੇ 2 ਤੋਂ 3 ਦਿਨਾਂ ਲਈ ਮੌਸਮ ਇੱਕੋ ਜਿਹਾ ਰਹੇਗਾ । ਇਸ ਤੋਂ ਇਲਾਵਾ ਹਿਮਾਚਲ ਅਤੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ ।
ਮੌਸਮ ਵਿਭਾਗ ਨੇ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ । ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵੀ ਮੀਂਹ ਜਾਰੀ ਹੈ । ਮੌਸਮ ਵਿਭਾਗ ਅਨੁਸਾਰ ਮੱਧ ਪ੍ਰਦੇਸ਼ ਵਿੱਚ ਬਾਰਿਸ਼ ਦੀ ਪ੍ਰਕਿਰਿਆ 7 ਜੂਨ ਤੱਕ ਜਾਰੀ ਰਹਿ ਸਕਦੀ ਹੈ । 6 ਜੂਨ ਤੱਕ ਇੱਥੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ।
ਮੁੰਬਈ ਸਮੇਤ ਮਹਾਂਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਵੀ ਬਾਰਿਸ਼ ਸ਼ੁਰੂ ਹੋ ਗਈ ਹੈ । ਇੱਥੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ । ਮੌਸਮ ਵਿਭਾਗ ਅਨੁਸਾਰ ਮਹਾਂਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇੱਥੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਰਹਿਣ ਦੀ ਉਮੀਦ ਹੈ ।
ਮੌਸਮ ਵਿਭਾਗ ਅਨੁਸਾਰ ਦਿੱਲੀ ਨੂੰ 10 ਜੂਨ ਤੱਕ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਬੁੱਧਵਾਰ ਤੋਂ ਦੱਖਣੀ-ਪੱਛਮੀ ਹਵਾਵਾਂ ਦਿੱਲੀ-ਐਨਸੀਆਰ ਵਿੱਚ ਨਮੀ ਲਿਆ ਰਹੀਆਂ ਹਨ । ਰਾਸ਼ਟਰੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ । ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਵੀ ਬਹੁਤ ਹਲਕੀ ਬਾਰਿਸ਼ ਦਰਜ ਕੀਤੀ ਗਈ ।