Mumbai Heavy Rain: ਮੁੰਬਈ ਵਿੱਚ ਬੀਤੀ ਰਾਤ ਤੋਂ ਹੋਈ ਭਾਰੀ ਬਾਰਿਸ਼ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਕਿੰਗ ਸਰਕਲ ਦੀਆਂ ਸੜਕਾਂ ‘ਤੇ ਤਕਰੀਬਨ 2 ਫੁੱਟ ਪਾਣੀ ਇਕੱਠਾ ਹੋ ਗਿਆ। ਇਸ ਤੋਂ ਇਲਾਵਾ ਹਿੰਦਮਾਤਾ, ਸਾਯਨ, ਮਾਟੁੰਗਾ ਅਤੇ ਖਾਰ ਸਬਵੇਅ ‘ਤੇ ਵੀ ਪਾਣੀ ਭਰਿਆ ਹੋਇਆ ਹੈ। ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ ਦੇ ਅਨੁਸਾਰ ਮੁੰਬਈ ਸ਼ਹਿਰ ਵਿੱਚ ਪਿਛਲੇ 10 ਘੰਟਿਆਂ ਵਿੱਚ 230 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ।
ਮੌਸਮ ਵਿਭਾਗ ਨੇ ਮੁੰਬਈ ਵਿੱਚ ਅੱਜ ਭਾਰੀ ਬਾਰਿਸ਼ ਦੇ ਨਾਲ-ਨਾਲ ਹਾਈ ਟਾਈਡ ਦੀ ਵੀ ਚੇਤਾਵਨੀ ਜਾਰੀ ਕੀਤੀ ਹੈ । ਵਿਭਾਗ ਅਨੁਸਾਰ ਦੁਪਹਿਰ 12:47 ਵਜੇ ਮੁੰਬਈ ਵਿੱਚ ਹਾਈ ਟਾਈਡ ਆ ਸਕਦੇ ਹਨ, ਜਿਸ ਦੌਰਾਨ ਸਮੁੰਦਰੀ ਲਹਿਰਾਂ 4.45 ਮੀਟਰ ਤੱਕ ਜਾ ਸਕਦੀਆਂ ਹਨ। ਜਿਸ ਕਾਰਨ ਸਮੁੰਦਰ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ BMC ਨੇ ਲੋਕਾਂ ਨੂੰ ਮੁੰਬਈ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੈ।
ਭਾਰੀ ਬਾਰਿਸ਼ ਕਾਰਨ ਮੁੰਬਈ ਦੀਆਂ ਸਾਰੀਆਂ 4 ਲਾਈਨਾਂ ‘ਤੇ ਰੇਲ ਆਵਾਜਾਈ ਰੁਕ ਗਈ ਹੈ। ਇਸ ਕਾਰਨ ਮੁੰਬਈ ਲੋਕਲ ਦੀ ਸੇਵਾ ਵੀ ਠੱਪ ਹੋ ਗਈ ਹੈ। ਭਾਰੀ ਬਾਰਿਸ਼ ਦੇ ਖਤਰੇ ਦੇ ਮੱਦੇਨਜ਼ਰ ਮੁੰਬਈ ਦੇ 8 ਰੂਟਾਂ ‘ਤੇ ਬੱਸਾਂ ਦੇ ਰੂਟ ਨੂੰ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਡਾਈਵਰਟ ਕਰ ਕੇ ਦੂਜੇ ਰੂਟਾਂ ਤੋਂ ਚਲਾਉਣ ਦੇ ਪ੍ਰਬੰਧ ਕੀਤੇ ਗਏ ਹਨ। ਬ੍ਰਹਿਮੰਬਾਈ ਨਗਰ ਨਿਗਮ (BMC) ਨੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਅੱਜ ਸਾਰੇ ਦਫਤਰਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਰੱਖਣ ਲਈ ਕਿਹਾ ਹੈ ।
ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਮੁੰਬਈ ਅਤੇ ਇਸ ਦੇ ਉਪਨਗਰ ਖੇਤਰਾਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਮਹਾਂਰਾਸ਼ਟਰ ਦੇ ਮਹਾਂਨਗਰ ਅਤੇ ਹੋਰ ਇਲਾਕਿਆਂ ਵਿੱਚ ਬਾਰਿਸ਼ ਦੀ ਤੀਬਰਤਾ ਵਧੇਗੀ। ਮੌਸਮ ਵਿਭਾਗ ਨੇ 3, 4 ਅਤੇ 5 ਅਗਸਤ ਨੂੰ ਮੁੰਬਈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਅਜਿਹੀ ਸਥਿਤੀ ਵਿੱਚ ਮੁੰਬਈ ਵਾਲਿਆਂ ਨੂੰ ਵੀ ਬਿਨਾਂ ਵਜ੍ਹਾ ਘਰ ਤੋਂ ਬਾਹਰ ਘੱਟ ਨਿਕਲਣਾ ਪਵੇਗਾ । ਇਸ ਦੀ ਤੀਬਰਤਾ 6 ਅਗਸਤ ਤੋਂ ਘਟਣਾ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਵਾਲੇ ਖੇਤਰ ਹੋਣ ਕਾਰਨ ਮਛੇਰਿਆਂ ਨੂੰ ਪੂਰਬੀ ਤੱਟ ‘ਤੇ ਡੂੰਘੇ ਸਮੁੰਦਰ ਵਿੱਚ ਵੀ ਨਾ ਜਾਣ ਦੀ ਸਲਾਹ ਦਿੱਤੀ ਹੈ।