Mumbai Heavy Rain: ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਮੀਂਹ ਕਾਰਨ ਬੁਰਾ ਹਾਲ ਹੈ। ਬੁੱਧਵਾਰ ਨੂੰ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ, ਸਾਰਾ ਟ੍ਰੈਫਿਕ ਠੱਪ ਹੋ ਗਿਆ, ਲੋਕ ਜਿੱਥੇ ਸੀ, ਉੱਥੇ ਹੀ ਫਸ ਗਏ ਹਨ । ਸਥਿਤੀ ਇਹ ਹੈ ਕਿ ਸਿਰਫ 12 ਘੰਟਿਆਂ ਵਿੱਚ ਹੀ ਮੁੰਬਈ ਦੇ ਕੋਲਾਬਾ ਖੇਤਰ ਵਿੱਚ ਇੰਨੀ ਬਾਰਸ਼ ਹੋ ਗਈ, ਜਿੰਨੀ ਕਿ 46 ਸਾਲਾਂ ਵਿੱਚ ਨਹੀਂ ਹੋਈ ਸੀ। ਵੀਰਵਾਰ ਨੂੰ ਵੀ ਮੁੰਬਈ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਹੈ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਗੱਲ ਕਹੀ ਗਈ ਹੈ।
ਮੌਸਮ ਵਿਭਾਗ ਅਤੇ ਬੀਐਮਸੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਕਿਉਂਕਿ ਪੂਰੇ ਸ਼ਹਿਰ ਵਿੱਚ ਸਥਿਤੀ ਖਰਾਬ ਹੈ ਅਤੇ ਕੋਈ ਵੀ ਕਿਤੇ ਵੀ ਫਸ ਸਕਦਾ ਹੈ। ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਟ੍ਰੇਨ ਦੇ ਟ੍ਰੈਕ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਾਰਨ ਦੋ ਲੋਕਲ ਟ੍ਰੇਨਾਂ ਫਸ ਗਈਆਂ । ਜਿਸ ਤੋਂ ਬਾਅਦ NDRF ਟੀਮਾਂ ਨੇ ਇਨ੍ਹਾਂ ਟ੍ਰੇਨਾਂ ਵਿੱਚੋਂ 290 ਲੋਕਾਂ ਨੂੰ ਬਚਾਇਆ ।
ਮੌਸਮ ਵਿਭਾਗ ਅਨੁਸਾਰ ਮੁੰਬਈ-ਠਾਣੇ-ਪਾਲਘਰ ਵਰਗੇ ਇਲਾਕਿਆਂ ਵਿੱਚ ਰਿਕਾਰਡ ਬਾਰਿਸ਼ ਦਰਜ ਕੀਤੀ ਗਈ ਹੈ । 12 ਘੰਟਿਆਂ ਦੇ ਅੰਦਰ ਮੁੰਬਈ ਵਿੱਚ 215.8 ਮਿਲੀਮੀਟਰ ਬਾਰਿਸ਼ ਹੋਈ, ਜਦੋਂ ਕਿ ਹਵਾ ਦੀ ਰਫ਼ਤਾਰ ਵੀ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਇਹੀ ਕਾਰਨ ਹੈ ਕਿ ਕਈ ਥਾਵਾਂ ‘ਤੇ ਦਰੱਖਤ, ਬੋਰਡ ਟੁੱਟ ਗਏ ਹਨ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ । ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਘਰਾਂ ਦੇ ਅੰਦਰ ਪਾਣੀ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਮਦਦ ਮੰਗਣੀ ਪੈ ਰਹੀ ਹੈ। ਚੈਂਬੂਰ, ਪਾਰੇਲ, ਹਿੰਦਮਾਤਾ, ਵਡਾਲਾ ਸਣੇ ਕੀਤੀ ਇਲਾਕਿਆਂ ਵਿੱਚ ਰੇਲ ਸੇਵਾ ਅਤੇ ਹੋਰ ਟ੍ਰੈਫਿਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਰ ਸ਼ਾਮ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਰਾਜ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਵੱਲੋਂ ਮੁੱਖ ਮੰਤਰੀ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ ।