Mumbai High Tide Alert: ਮੁੰਬਈ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਦਾ ਸਿਲਸਿਲਾ ਜਾਰੀ ਹੈ, ਇਸੇ ਦੌਰਾਨ ਮੌਸਮ ਵਿਭਾਗ ਨੇ ਸ਼ੁੱਕਰਵਾਰ ਯਾਨੀ ਅੱਜ ਮੁੰਬਈ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਸਮੁੰਦਰੀ ਲਹਿਰਾਂ ਮੁੰਬਈ ਵਿੱਚ ਹਾਈਟਾਈਡ ਦੇ ਦੌਰਾਨ 4.75 ਮੀਟਰ ਦੀ ਉਚਾਈ ਤੱਕ ਉੱਠ ਸਕਦੀਆਂ ਹਨ। ਪੂਰਵ ਅਨੁਮਾਨ ਦੇ ਅਨੁਸਾਰ, ਅੱਜ 01.33 ਵਜੇ ਮੁੰਬਈ ਵਿੱਚ ਹਾਈਟਾਈਡ ਆ ਸਕਦੇ ਹਨ। ਆਪਦਾ ਪ੍ਰਬੰਧਨ ਵਿਭਾਗ, ਮੌਸਮ ਵਿਭਾਗ, ਪ੍ਰਸ਼ਾਸਨ ਅਤੇ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਇਸ ਸਾਰੀ ਘਟਨਾ ਦੀ ਨਿਗਰਾਨੀ ਕਰ ਰਹੀਆਂ ਹਨ। ਹਾਈਟਾਈਡ ਦੇ ਦੌਰਾਨ, ਲੋਕਾਂ ਨੂੰ ਮੁੰਬਈ ਦੇ ਤੱਟਵਰਤੀ ਇਲਾਕਿਆਂ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸਮੁੰਦਰ ਦੇ ਕੰਢੇ ਵਾਲੇ ਖੇਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੌਸਮ ਵਿਭਾਗ ਦੀ ਏਜੰਸੀ ਸਕਾਈਮੈਟ ਅਨੁਸਾਰ ਮੁੰਬਈ ਅਤੇ ਕੋਂਕਣ ਖੇਤਰ ਸਮੇਤ ਮਹਾਰਾਸ਼ਟਰ ਦੇ ਅੰਦਰੂਨੀ ਹਿੱਸਿਆਂ ‘ਚ 23 ਅਗਸਤ ਤੱਕ ਬਾਰਿਸ਼ ਜਾਰੀ ਰਹਿਣ ਦੀ ਉਮੀਦ ਹੈ।
ਇਸ ਸਮੇਂ ਦੌਰਾਨ ਮੁੰਬਈ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋਏਗੀ, ਜਿਸ ਕਾਰਨ ਅਗਲੇ ਤਿੰਨ-ਚਾਰ ਦਿਨਾਂ ਲਈ ਮੌਸਮ ਸੁਹਾਵਣਾ ਰਹੇਗਾ। ਹਾਲਾਂਕਿ, ਮਹਾਰਾਸ਼ਟਰ ਵਿੱਚ ਸਮੁੰਦਰੀ ਕੰਢੇ ਅਤੇ ਰਾਜ ਦੇ ਕੁੱਝ ਅੰਦਰੂਨੀ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (ਆਈਐਮਡੀ) ਦੇ ਡਿਪਟੀ ਡਾਇਰੈਕਟਰ ਕੇਐਸ ਹੋਸਾਲੀਕਰ ਨੇ ਕਿਹਾ ਕਿ ਮੁੰਬਈ, ਠਾਣੇ ਅਤੇ ਮਹਾਰਾਸ਼ਟਰ ਦੇ ਅੰਦਰੂਨੀ ਹਿੱਸਿਆਂ ਵਿੱਚ ਅਲੱਗ-ਅਲੱਗ ਥਾਈਂ ਭਾਰੀ ਬਾਰਿਸ਼ ਹੋਵੇਗੀ। ਸਕਾਈਮੇਟ ਅਨੁਸਾਰ ਪਿੱਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਮੌਸਮ ਦੀ ਸਥਿਤੀ ਸੁਹਾਵਣੀ ਰਹੀ ਅਤੇ ਸ਼ਹਿਰ ਦੇ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਬੱਦਲਵਾਈ ਵਾਲੇ ਮੌਸਮ ਦੀ ਭਵਿੱਖਬਾਣੀ ਕਰਦਿਆਂ ਸ਼ਹਿਰ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਦੱਸੀ ਹੈ। ਵੀਰਵਾਰ ਨੂੰ ਮੌਸਮ ਵਿਭਾਗ ਦੇ ਸੈਂਟਾਕਰੂਜ਼ ਆਬਜ਼ਰਵੇਟਰੀ ‘ਚ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਕੋਲਾਬਾ ਆਬਜ਼ਰਵੇਟਰੀ ‘ਚ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।