Nagpur man selling water in vials : ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਪਿੱਛਲੇ 24 ਘੰਟਿਆਂ ਵਿੱਚ 2 ਲੱਖ 95 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ਅਤੇ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿੱਥੇ ਇੱਕ ਪਾਸੇ, ਕੋਰੋਨਾ ਦੇਸ਼ ਵਿੱਚ ਆਪਣੇ ਸਿਖਰ ‘ਤੇ ਹੈ, ਉੱਥੇ ਹੀ ਕੁੱਝ ਲੋਕ ਇਸ ਨੂੰ ਤਬਾਹੀ ‘ਚ ਮੌਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਰੈਮਡਿਸੀਵਰ ਟੀਕੇ ਦੀ ਮੰਗ ਤੇਜ਼ੀ ਨਾਲ ਵੱਧ ਗਈ ਹੈ। ਸਪਲਾਈ ਅਤੇ ਮੰਗ ਵਿਚਾਲੇ ਵੱਡੇ ਅੰਤਰ ਦੇ ਕਾਰਨ, ਇਸ ਦੀ ਕਾਲਾ ਬਾਜ਼ਾਰੀ ਵੀ ਵੱਧ ਗਈ ਹੈ। ਪਰ ਮਾਮਲਾ ਇੱਥੇ ਤੱਕ ਹੀ ਸੀਮਿਤ ਨਹੀਂ ਰਿਹਾ, ਨਾਗਪੁਰ ਪੁਲਿਸ ਨੇ ਦੋ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਰੈਮਡਿਸੀਵਰ ਟੀਕੇ ਦੀ ਸ਼ੀਸ਼ੀ ਵਿੱਚ ਪਾਣੀ ਭਰ ਕੇ ਵੇਚ ਰਹੇ ਸਨ। ਨਾਗਪੁਰ ਪੁਲਿਸ ਨੂੰ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੇ ਨਾਮ ਅਭਿਲਾਸ਼ ਪੇਟਕਰ ਅਤੇ ਅਨਿਕਤ ਨੰਦੇਸ਼ਵਰ ਹਨ, ਜਿਨ੍ਹਾਂ ਦੀ ਉਮਰ ਕ੍ਰਮਵਾਰ 28 ਅਤੇ 21 ਸਾਲ ਹੈ। ਇਹ ਦੋਵੇਂ ਐਕਸਰੇ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਹਨ। ਨਾਗਪੁਰ ਪੁਲਿਸ ਦੇ ਸਬ ਇੰਸਪੈਕਟਰ ਨੇ ਦੱਸਿਆ ਕਿ ਇਹ ਲੋਕ ਕੋਵਿਡ ਵਾਇਰਸ ਨਾਲ ਸੰਕਰਮਿਤ ਇੱਕ ਮਰੀਜ਼ ਦੇ ਪਰਿਵਾਰ ਨੂੰ 40 ਹਜ਼ਾਰ ਰੁਪਏ ਵਿੱਚ ਇੱਕ ਟੀਕਾ ਵੇਚ ਰਹੇ ਸਨ। ਬਾਅਦ ‘ਚ ਸੌਦਾ ਤੈਅ ਹੋਣ ‘ਤੇ 28 ਹਜ਼ਾਰ ਰੁਪਏ ਵਿੱਚ ਟੀਕਾ ਦੇਣ ਲਈ ਤਿਆਰ ਹੋ ਗਏ, ਜਿਸ ਦੇ ਅੰਦਰ ਪਾਣੀ ਸੀ। ਪੁਲਿਸ ਦੇ ਅਨੁਸਾਰ, ਜਦੋਂ ਟੀਕਾ ਖ੍ਰੀਦਰਦਾਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਇੱਕ ਫੜ ਲਿਆ। ਇਸ ਤੋਂ ਬਾਅਦ ਹੁਣ ਪੁਲਿਸ ਉਨ੍ਹਾਂ ਦੇ ਘਰ ਅਤੇ ਹੋਰ ਥਾਵਾਂ ਦੀ ਜਾਂਚ ਕਰ ਰਹੀ ਹੈ। ਰੈਮਡਿਸੀਵਰ ਇੱਕ ਦਵਾਈ ਹੈ ਜੋ ਫੇਫੜੇ ਦੀ ਲਾਗ ਦੇ ਇਲਾਜ ਲਈ ਵਰਤੀ ਜਾਂਦੀ ਹੈ। ਕੋਵਿਡ ਦੇ ਸਮੇਂ, ਬਹੁਤ ਸਾਰੇ ਮਰੀਜ਼ਾਂ ਨੂੰ ਫੇਫੜਿਆਂ ਦੀ ਸ਼ਿਕਾਇਤ ਹੀ ਆ ਰਹੀ ਹੈ, ਜਿਸ ਕਾਰਨ ਰੈਮਡਿਸੀਵਰ ਟੀਕੇ ਦੀ ਭਾਰੀ ਮੰਗ ਹੈ।