Nagpur Sugar Factory Blast: ਨਾਗਪੁਰ: ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਸਥਿਤ ਮਾਨਸ ਐਗਰੋ ਇੰਡਸਟਰੀਜ਼ ਅਤੇ ਸ਼ੂਗਰ ਲਿਮਟਡ ਫੈਕਟਰੀ ਦੇ ਬਾਇਲਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਭਿਆਨਕ ਧਮਾਕਾ ਹੋ ਗਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ । ਨਾਗਪੁਰ ਦਿਹਾਤੀ ਪੁਲਿਸ ਅਧਿਕਾਰੀ ਦੇ ਅਨੁਸਾਰ ਇਹ ਘਟਨਾ ਦੁਪਹਿਰ 2.14 ਵਜੇ ਵਾਪਰੀ । ਇਸ ਧਮਾਕੇ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਕਾਰਨ ਮਜ਼ਦੂਰਾਂ ਦੀ ਸੜ ਜਾਣ ਕਾਰਨ ਮੌਤ ਹੋ ਗਈ । ਖੰਡ ਫੈਕਟਰੀ ਮਾਨਸ ਸਮੂਹ ਦਾ ਹਿੱਸਾ ਹੈ, ਅਤੇ ਪਹਿਲਾਂ ਪੂਰਤੀ ਪਾਵਰ ਅਤੇ ਸ਼ੂਗਰ ਫੈਕਟਰੀ ਵਜੋਂ ਜਾਣੀ ਜਾਂਦੀ ਸੀ, ਜਿਸਦੀ ਮਾਲਕੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਪਰਿਵਾਰ ਕੋਲ ਸੀ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਸੁਪਰਡੈਂਟ ਰਾਕੇਸ਼ ਓਲਾ ਮੌਕੇ ‘ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਪੀੜਤ ਲੋਕ ਇਸ ਖਾਸ ਜਗ੍ਹਾ ‘ਤੇ ਕੁਝ ਵੈਲਡਿੰਗ ਦਾ ਕੰਮ ਕਰ ਰਹੇ ਸਨ ਅਤੇ ਕੁਝ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਹੋਵੇ । ਉਨ੍ਹਾਂ ਕਿਹਾ ਕਿ ਇਸ ਧਮਾਕੇ ਦੇ ਅਸਲ ਕਾਰਨ ਸਬੰਧਤ ਵਿਭਾਗ ਵੱਲੋਂ ਪੜਤਾਲ ਤੋਂ ਬਾਅਦ ਸਾਹਮਣੇ ਆਉਣਗੇ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜੀਂਦੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਜਾ ਰਹੀਆਂ ਹਨ ।
ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਮੰਗੇਸ਼ ਪ੍ਰਭਾਕਰ ਨਾਕੇਰਕਰ (21), ਲੀਲਾਧਰ ਵਾਮਨ ਰਾਓ ਸ਼ਿੰਦੇ (42), ਵਾਸੂਦੇਵ ਲਾਡੀ (30), ਸਚਿਨ ਪ੍ਰਕਾਸ਼ ਵਾਘਮਰੇ (24) ਅਤੇ ਪ੍ਰਫੁੱਲ ਪਾਂਡੂਰੰਗ ਮੂਨ (25) ਵਜੋਂ ਹੋਈ ਹੈ ਅਤੇ ਸਾਰੇ ਵਡਗਾਂਵ ਦੇ ਰਹਿਣ ਵਾਲੇ ਸਨ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਪਹਿਲਾਂ ਪੁਲਿਸ ਨੂੰ ਗੁੱਸੇ ਵਿੱਚ ਆਈ ਭੀੜ ਨੂੰ ਸ਼ਾਂਤ ਕਰਨਾ ਪਿਆ ਅਤੇ ਉਸ ਤੋਂ ਬਾਅਦ ਹੀ ਮ੍ਰਿਤਕਾਂ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਿਆ ਜਾ ਸਕਿਆ।
ਉੱਥੇ ਹੀ ਦੂਜੇ ਪਾਸੇ ਇਸ ਦੁਖਾਂਤ ‘ਤੇ ਦੁਖ ਜ਼ਾਹਰ ਕਰਦਿਆਂ ਸ਼ਿਵ ਸੈਨਾ ਨੇਤਾ ਕਿਸ਼ੋਰ ਤਿਵਾੜੀ ਨੇ ਇਸ ਘਟਨਾ ਦੀ ਡੂੰਘਾਈ ਨਾਲ ਅਤੇ ਸਮੇਂ ਸਿਰ ਜਾਂਚ ਦੀ ਮੰਗ ਕੀਤੀ ਹੈ । ਤਿਵਾੜੀ ਨੇ ਕਿਹਾ ਕਿ ਇਸ ਘਟਨਾ ਵਿੱਚ ਮਾਰੇ ਗਏ ਸਾਰੇ ਕਾਮੇ ਦਲਿਤ ਹਨ ਅਤੇ ਫੈਕਟਰੀ ਪ੍ਰਬੰਧਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਪੀੜਤ ਦੇ ਪਰਿਵਾਰਾਂ ਨੂੰ ਇੱਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ।