Nails plastered on streets: ਸਿੰਘੂ ਬਾਰਡਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ‘ਤੇ ਵੀ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। ਸੋਮਵਾਰ ਨੂੰ ਟਿਕਰੀ ਬਾਰਡਰ ‘ਤੇ ਦਿੱਲੀ ਪੁਲਿਸ ਨੇ ਸੜਕ ਨੂੰ ਪੁੱਟ ਕੇ ਟੋਇਆਂ ਅੰਦਰ ਕਿੱਲਾਂ ਤੇ ਸਰੀਏ ਲਗਵਾ ਦਿੱਤੇ ਹਨ, ਤਾਂ ਜੋ 26 ਜਨਵਰੀ ਦੀ ਤਰ੍ਹਾਂ ਦੁਬਾਰਾ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਇੱਥੇ ਪੁਲਿਸ ਨੇ ਆਰਸੀਸੀ ਦੀਵਾਰ ਵੀ ਬਣਾਈ ਸੀ। ਇਸਦੇ ਨਾਲ ਹੀ ਸੱਤ ਪਰਤਾਂ ਦੀ ਲੋਹੇ ਦੀ ਬੈਰੀਕੇਡਿੰਗ ਵੀ ਕੀਤੀ ਗਈ ਸੀ।
ਦਰਅਸਲ, ਦਿੱਲੀ ਪੁਲਿਸ ਨੇ ਸੜਕ ਨੂੰ ਪੁੱਟ ਕੇ ਉਸ ਵਿੱਚ ਲੰਬੀਆਂ-ਲੰਬੀਆਂ ਕਿੱਲਾਂ ਤੇ ਸਰੀਏ ਲਗਵਾ ਦਿੱਤੇ ਹਨ। ਬੈਰੀਕੇਡਿੰਗ ਦੇ ਪਾਰ ਵੱਡੀ ਗਿਣਤੀ ਵਿੱਚ ਰੋਡ ਰੋਲਰ ਵੀ ਖੜ੍ਹੇ ਕੀਤੇ ਗਏ ਹਨ। ਅੰਦੋਲਨ ਵਾਲੀ ਥਾਂ ਦੇ ਉਸ ਪਾਰ ਟਿਕਰੀ ਕਲਾਂ ਪਿੰਡ ਤੱਕ ਪੁਲਿਸ ਨੇ ਜਗ੍ਹਾ-ਜਗ੍ਹਾ ਇਸੇ ਤਰ੍ਹਾਂ ਪੁਲਿਸ ਬੈਰੀਕੇਡਿੰਗ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਚਾਰ ਫੁੱਟ ਮੋਟੀ ਕੰਕਰੀਟ ਦੀ ਕੰਧ ਵੀ ਬਣਾਈ ਗਈ ਹੈ । ਹੁਣ, ਇਸ ਕੰਧ ਅਤੇ ਐਮਸੀਡੀ ਟੋਲ ਦੇ ਵਿਚਾਲੇ ਹੀ ਪੁਲਿਸ ਨੇ ਸੜਕ ਨੂੰ ਪੁੱਟ ਕੇ ਉਸ ਵਿੱਚ ਸੀਮੇਂਟ ਦੇ ਅੰਦਰ ਕਿੱਲਾਂ ਤੇ ਸਰੀਆ ਲਗਵਾਇਆ ਹੈ।
ਦੱਸ ਦੇਈਏ ਕਿ 26 ਜਨਵਰੀ ਨੂੰ ਹੋਈ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ । ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਨਜਿੱਠਣ ਲਈ ਜੋਰਦਾਰ ਤਿਆਰੀ ਕਰ ਰਹੀ ਹੈ । ਟਿਕਰੀ ਬਾਰਡਰ ‘ਤੇ ਸੁਰੱਖਿਆ ਬਲਾਂ ਦੀਆਂ 15 ਕੰਪਨੀਆਂ ਪਹਿਲਾਂ ਹੀ ਤਾਇਨਾਤ ਹਨ । ਪੁਲਿਸ ਦੇ ਅਨੁਸਾਰ ਕਿੱਲਾਂ ਨੂੰ ਪਾਰ ਕਰ ਹੁਣ ਇੱਥੋਂ ਅੱਗੇ ਵਧਣਾ ਕਿਸੇ ਲਈ ਵੀ ਸੌਖਾ ਨਹੀਂ ਹੋਵੇਗਾ।