ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ ਪਰ ਰਾਜ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਸੂਬੇ ਦੀ ਸੱਤਾਧਾਰੀ ਪਾਰਟੀ ਨੂੰ ਹਾਲ ਹੀ ਵਿੱਚ ਇੱਕ ਤੋਂ ਬਾਅਦ ਇੱਕ ਕਈ ਵੱਡੇ ਝਟਕੇ ਲੱਗੇ ਹਨ।
ਤਿੰਨ ਦਿਨਾਂ ਦੇ ਅੰਦਰ ਯੋਗੀ ਆਦਿਤਿਆਨਾਥ ਦੀ ਕੈਬਨਿਟ ਤੋਂ ਤਿੰਨ ਮੰਤਰੀਆਂ ਦੇ ਅਸਤੀਫੇ ਵੀ ਪਾਰਟੀ ਲਈ ਸਿਰਦਰਦੀ ਬਣਦੇ ਨਜ਼ਰ ਆ ਰਹੇ ਹਨ। ਹਾਲਾਂਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਮੁਤਾਬਿਕ ਪਾਰਟੀ ਨੂੰ ਸੂਬੇ ‘ਚ ਹਰ ਪਾਸੇ ਤੋਂ ਸਮਰਥਨ ਮਿਲ ਰਿਹਾ ਹੈ ਅਤੇ ਜਨਤਾ ਦੇ ਆਸ਼ੀਰਵਾਦ ਨਾਲ ਭਾਜਪਾ ਮੁੜ ਸੱਤਾ ‘ਤੇ ਕਾਬਜ਼ ਹੋਵੇਗੀ। ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ, “ਉੱਤਰ ਪ੍ਰਦੇਸ਼ ਵਿੱਚ ਅਸਤੀਫ਼ੇ ਕੋਈ ਵੱਡੀ ਗੱਲ ਨਹੀਂ ਹਨ। ਭਾਜਪਾ ਨੂੰ ਸੂਬੇ ਵਿੱਚ ਹਰ ਥਾਂ ਤੋਂ ਸਮਰਥਨ ਮਿਲ ਰਿਹਾ ਹੈ। ਲੋਕ ਸਾਨੂੰ ਆਸ਼ੀਰਵਾਦ ਦੇਣਗੇ ਅਤੇ ਯੂਪੀ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ‘ਚ ਸਫਲ ਹੋਵੇਗੀ।”
ਪਿਛਲੇ ਤਿੰਨ ਦਿਨਾਂ ਵਿੱਚ ਉੱਤਰ ਪ੍ਰਦੇਸ਼ ਭਾਜਪਾ ਤੋਂ ਤਿੰਨ ਮੰਤਰੀਆਂ ਅਤੇ ਸੱਤ ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਯੂਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਅਸਤੀਫਾ ਦੇ ਦਿੱਤਾ ਸੀ। ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਸਵਾਮੀ ਪ੍ਰਸਾਦ ਮੌਰਿਆ ਦੇ ਅਸਤੀਫੇ ਤੋਂ ਬਾਅਦ ਦਾਰਾ ਸਿੰਘ ਚੌਹਾਨ ਅਤੇ ਧਰਮ ਸਿੰਘ ਸੈਣੀ ਵੀ ਯੋਗੀ ਸਰਕਾਰ ਤੋਂ ਵੱਖ ਹੋ ਗਏ ਹਨ। ਭਾਜਪਾ ਤੋਂ ਹੁਣ ਤੱਕ ਕੁੱਲ 14 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: