Naresh Tikait claims: ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਵਿਚਾਲੇ ਕਿਸਾਨ ਆਗੂ ਨਰੇਸ਼ ਟਿਕੈਤ ਦੇ ਟਵੀਟ ਨਾਲ ਭਾਰਤੀ ਜਨਤਾ ਪਾਰਟੀ ਦਾ ਤਣਾਅ ਵੱਧ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਦੇ ਸਮਰਥਨ ਵਿੱਚ ਬਹੁਤ ਸਾਰੇ ਭਾਜਪਾ ਆਗੂ ਪਾਰਟੀ ਛੱਡ ਰਹੇ ਹਨ । ਦਰਅਸਲ, ਨਰੇਸ਼ ਟਿਕੈਤ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਅੱਜ ਬਹੁਤ ਸਾਰੇ ਭਾਜਪਾ ਨੇਤਾਵਾਂ ਦਾ ਫੋਨ ਆਇਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਅਸੀਂ ਅਸਤੀਫਾ ਦੇ ਰਹੇ ਹਾਂ, ਅਸੀਂ ਪਾਰਟੀ ਵਿੱਚ ਰਹਿੰਦੇ ਹੋਏ ਕਿਸਾਨਾਂ ਦਾ ਅਪਮਾਨ ਹੁੰਦੇ ਨਹੀਂ ਵੇਖ ਸਕਦੇ, ਜੇ ਅਸੀਂ ਅਜੇ ਵੀ ਚੁੱਪ ਰਹੇ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਰੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਸੀ ਕਿ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਬੇਟੇ ਅਤੇ ਮੇਰੇ ਛੋਟੇ ਭਰਾ ਰਾਕੇਸ਼ ਟਿਕੈਤ ਦੇ ਇਹ ਹੰਝੂ ਵਿਅਰਥ ਨਹੀਂ ਜਾਣਗੇ। ਹੁਣ ਅਸੀਂ ਇਸ ਅੰਦੋਲਨ ਨੂੰ ਇੱਕ ਨਿਰਣਾਇਕ ਸਥਿਤੀ ‘ਤੇ ਪਹੁੰਚਾ ਕੇ ਹੀ ਰਹਾਂਗੇ। ਦੱਸ ਦੇਈਏ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੂੰ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਆਦੇਸ਼ ਮਿਲਿਆ ਸੀ । ਇਸ ਬਾਰੇ ਪ੍ਰਸ਼ਾਸਨ ਵੱਲੋਂ ਸਖ਼ਤ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਦੇ ਹੜ੍ਹ ਤੋਂ ਬਾਅਦ ਮਾਹੌਲ ਬਦਲ ਗਿਆ ।

ਦਿੱਲੀ ਦੇ ਬਾਰਡਰਾਂ ‘ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਵਿੱਚ ਮਹਾਂਪੰਚਾਇਤ ਬੁਲਾਈ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਵਿੱਚ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਿਸੌਲੀ ਪਿੰਡ ਪਹੁੰਚੇ ਸਨ । ਉੱਥੇ ਹੀ ਮਹਾਂਪੰਚਾਇਤ ਵਿੱਚ ਇਕੱਠੀ ਹੋਈ ਭੀੜ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਿਸਾਨੀ ਅੰਦੋਲਨ ਨੇ ਫਿਰ ਜ਼ੋਰ ਫੜ ਲਿਆ ਹੈ ।

ਦੱਸ ਦੇਈਏ ਕਿ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਕਿਸਾਨ ਇੱਕ ਦਿਨ ਦਾ ਵਰਤ ਰੱਖਣਗੇ। ਕਿਸਾਨ ਰਾਸ਼ਟਰ ਪਿਤਾ ਦੀ ਬਰਸੀ ਨੂੰ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਏਕਤਾ ਮੋਰਚੇ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਵਰਤ ਵਿੱਚ ਸ਼ਾਮਿਲ ਹੋਣ।
ਇਹ ਵੀ ਦੇਖੋ: ਜੋਗਿੰਦਰ ਯਾਦਵ ਨੇ ਸਟੇਜ ਤੋਂ ਕਿਹਾ, ਭਾਵੁਕ ਹੋਏ ਟਿਕੈਤ ਦੇ ਚਾਰ ਹੰਝੂਆਂ ਨੇ ਸਾਰੇ ਦਾਗ ਧੋ ਦਿੱਤੇ






















