Naresh Tikait Statement: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਬੁੱਧਵਾਰ ਨੂੰ ਇੱਥੇ ਹੋਈ ਕਿਸਾਨ ਪੰਚਾਇਤ ਵਿੱਚ ਭਾਰਤੀ ਜਨਤਾ ਪਾਰਟੀ ਖਿਲਾਫ ਹਮਲਾਵਰ ਰਵੱਈਆ ਦਿਖਾਇਆ । ਉਨ੍ਹਾਂ ਕਿਹਾ ਕਿ ਭਾਜਪਾ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ । ਇੰਨਾ ਹੀ ਨਹੀਂ, ਪੰਚਾਇਤ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਨੂੰ ਫ਼ਰਮਾਨ ਵੀ ਸੁਣਾਇਆ । ਟਿਕੈਤ ਨੇ ਕਿਹਾ ਕਿ ਸਾਡਾ ਕੋਈ ਵੀ ਵਰਕਰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੂੰ ਵਿਆਹ ਦੀ ਰਸਮ ਵਿੱਚ ਨਹੀਂ ਬੁਲਾਏਗਾ। ਇਸ ਤੋਂ ਇਲਾਵਾ ਬੀਕੇਯੂ ਮੁਖੀ ਨੇ ਕਿਹਾ ਕਿ, ਜੇ ਕੋਈ ਅਜਿਹਾ ਕਰਦਾ ਹੈ ਤਾਂ ਅਗਲੇ ਦਿਨ ਉਸਨੂੰ 100 ਮੈਂਬਰਾਂ ਲਈ ਖਾਣੇ ਦਾ ਪ੍ਰਬੰਧ ਕਰਨਾ ਪਵੇਗਾ ।
ਦੱਸ ਦੇਈਏ ਕਿ ਇਸ ਮਹਾਪੰਚਾਇਤ ਵਿੱਚ ਖਾਪ ਚੌਧਰੀਆਂ ਦੇ ਨਾਲ ਜ਼ਿਲ੍ਹੇ ਦੇ ਕਈ ਪਿੰਡਾਂ ਵਿਚੋਂ ਵੀ ਕਿਸਾਨ ਪਹੁੰਚੇ । ਇਸ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਜਬੀਰ ਜਾਦੌਨ ਵੀ ਮੌਜੂਦ ਰਹੇ । ਇਸ ਪੰਚਾਇਤ ਵਿੱਚ ਨਰੇਸ਼ ਟਿਕੈਤ ਨੇ ਕਿਹਾ ਕਿ ਕੋਈ ਵੀ ਭਾਜਪਾ ਦੇ ਕਿਸੇ ਵੀ ਨੁਮਾਇੰਦੇ ਨੂੰ ਵਿਆਹ ਦਾ ਕਾਰਡ ਨਾ ਦੇਵੇ । ਇਸ ਤੋਂ ਇਲਾਵਾ ਨਰੇਸ਼ ਟਿਕੈਤ ਨੇ ਦਾਅਵਾ ਵੀ ਕੀਤਾ ਕਿ ਜੇਕਰ ਇਹ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ 100 ਸੰਸਦ ਮੈਂਬਰ ਭਾਜਪਾ ਦਾ ਸਾਥ ਛੱਡ ਸਕਦੇ ਹਨ ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰ ‘ਤੇ ਜਾਰੀ ਕਿਸਾਨ ਅੰਦੋਲਨ ਵਿਚਾਲੇ ਰਾਕੇਸ਼ ਟਿਕੈਤ ਵੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ। ਇਸ ਤੋਂ ਇਲਾਵਾ ਯੂ. ਪੀ., ਹਰਿਆਣਾ ਅਤੇ ਪੰਜਾਬ ਦੇ ਤਮਾਮ ਹਿੱਸਿਆਂ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ।