national conference attacks centre: ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਨੂੰ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਨਾਲ ਸਬੰਧਿਤ ਕਥਿਤ ਬੇਨਿਯਮੀਆਂ ਵਿੱਚ ਪੁੱਛਗਿੱਛ ਕੀਤੀ। ਫਾਰੂਕ ਦੀ ਤਰਫੋਂ ਇਸ ਜਾਂਚ ਨੂੰ ਨੈਸ਼ਨਲ ਕਾਨਫਰੰਸ ਦੁਵਾਰਾ ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਬਹਾਲ ਕਰਨ ਲਈ ਰਾਜ ਦੀਆਂ ਸਾਰੀਆਂ ਧਿਰਾਂ ਨੂੰ ਇਕਜੁੱਟ ਕਰ ਕੀਤੀ ਬੈਠਕ ਨਾਲ ਜੋੜਿਆ ਹੈ। ਦਰਅਸਲ, ਸਾਲ 2002 ਤੋਂ 2011 ਦੇ ਵਿਚਕਾਰ, ਬੀਸੀਸੀਆਈ ਨੇ ਰਾਜ ਵਿੱਚ ਕ੍ਰਿਕਟ ਸਹੂਲਤਾਂ ਦੇ ਵਿਕਾਸ ਲਈ 112 ਕਰੋੜ ਰੁਪਏ ਦਿੱਤੇ ਸੀ। ਦੋਸ਼ ਹੈ ਕਿ ਇਸ ਰਾਸ਼ੀ ਵਿੱਚੋਂ 43.69 ਕਰੋੜ ਰੁਪਏ ਗਬਨ ਕੀਤੇ ਗਏ ਸਨ। ਇਸ ਕੇਸ ਵਿੱਚ, ਜਾਂਚ ਏਜੰਸੀ ਨੇ ਫਾਰੂਕ ਅਬਦੁੱਲਾ, ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ, ਤਤਕਾਲੀਨ ਜਨਰਲ ਸੱਕਤਰ ਮੁਹੰਮਦ ਸਲੀਮ ਖਾਨ, ਤਤਕਾਲੀ ਖਜ਼ਾਨਚੀ ਅਹਿਸਨ ਅਹਿਮਦ ਮਿਰਜ਼ਾ ਅਤੇ ਜੰਮੂ ਕਸ਼ਮੀਰ ਬੈਂਕ ਦੇ ਇੱਕ ਕਰਮਚਾਰੀ ਬਸ਼ੀਰ ਅਹਿਮਦ ਮਿਸ਼ਗਰ ਉੱਤੇ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਦੀਆਂ ਧਾਰਾਵਾਂ ਤਹਿਤ ਜਾਂਚ ਵੀ ਸ਼ੁਰੂ ਕੀਤੀ ਸੀ। ਨੈਸ਼ਨਲ ਕਾਨਫਰੰਸ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ, “ਈਡੀ ਦਾ ਪੱਤਰ ਗੁਪਕਾਰ ਐਲਾਨਨਾਮੇ ਤੋਂ ਬਾਅਦ ਆਇਆ ਹੈ। ਇਹ ਸਪੱਸ਼ਟ ਹੈ ਕਿ ਕਸ਼ਮੀਰ ‘ਚ ਲੋਕ ਗੱਠਜੋੜ ਬਣਨ ਤੋਂ ਬਾਅਦ ਇਹ ਰਾਜਨੀਤਿਕ ਬਦਲਾ ਲੈਣ ਦੀ ਨੀਅਤ ਨਾਲ ਕੀਤੀ ਗਈ ਕਾਰਵਾਈ ਹੈ।”
ਪਾਰਟੀ ਨੇ ਕਿਹਾ, “ਸਾਨੂੰ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ।” ਪਾਰਟੀ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਭਾਜਪਾ ਆਪਣੀਆਂ ਏਜੰਸੀਆਂ ਨੂੰ ਨਵੇਂ ਰਾਜਨੀਤਿਕ ਗੱਠਜੋੜ ਨਾਲ ਲੜਨ ਲਈ ਇਸਤੇਮਾਲ ਕਰ ਰਹੀ ਹੈ ਕਿਉਂਕਿ ਉਹ ਰਾਜਨੀਤਕ ਤੌਰ ‘ਤੇ ਇਸ ਦਾ ਸਾਹਮਣਾ ਨਹੀਂ ਕਰ ਸਕਦੀ। 82 ਸਾਲਾ ਫਾਰੂਕ ਨੂੰ ਜਾਂਚ ਏਜੰਸੀ ਨੇ 5 ਅਗਸਤ ਤੋਂ ਪਹਿਲਾਂ ਤਲਬ ਕੀਤਾ ਸੀ ਜਦੋਂ ਕੇਂਦਰ ਸਰਕਾਰ ਨੇ ਧਾਰਾ 370 ਅਧੀਨ ਜੰਮੂ-ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਇਸ ਕਦਮ ਤੋਂ ਬਾਅਦ, ਫਾਰੂਕ, ਉਸ ਦੇ ਬੇਟੇ ਉਮਰ ਅਬਦੁੱਲਾ ਅਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੂੰ ਸਮੇਤ ਰਾਜ ਦੇ ਕਈ ਨੇਤਾਵਾਂ ਨੂੰ ਜਨ ਸੁਰੱਖਿਆ ਐਕਟ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਜਦਕਿ ਫਰੁੱਖ ਅਤੇ ਉਮਰ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਰਿਹਾ ਕੀਤਾ ਗਿਆ ਸੀ, ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੂੰ ਪਿੱਛਲੇ ਹਫਤੇ ਮੰਗਲਵਾਰ ਨੂੰ ਰਿਹਾ ਕੀਤਾ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਫਾਰੂਖ, ਉਮਰ, ਮਹਿਬੂਬਾ, ਸੱਜਾਦ ਲੋਨ ਅਤੇ ਹੋਰ ਰਾਜ ਨੇਤਾਵਾਂ ਨੂੰ ਵੀਰਵਾਰ ਨੂੰ ਇਕੱਠੇ ਵੇਖਿਆ ਗਿਆ ਅਤੇ ਕਸ਼ਮੀਰ ਵਿੱਚ ਧਾਰਾ 370 ਦੀ ਬਹਾਲੀ ਲਈ ਗੁਪਤਕਾਰ ਐਲਾਨਨਾਮੇ ਲਈ ਪੀਪਲਜ਼ ਅਲਾਇੰਸ ਦਾ ਗਠਨ ਕੀਤਾ ਸੀ।