Nature gift before new year: ਉੱਤਰ ਭਾਰਤ ਵਿੱਚ ਇਸ ਵਾਰ ਨਵੇਂ ਸਾਲ ਦੇ ਮੌਕੇ ਠੰਡ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਆਉਣ ਵਾਲੇ ਦਿਨਾਂ ਵਿੱਚ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ, ਇਸ ਨਾਲ ਦਿੱਲੀ ਸਣੇ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੋਰ ਡਿੱਗ ਜਾਵੇਗਾ। ਇਸ ਦੌਰਾਨ ਐਤਵਾਰ ਰਾਤ ਨੂੰ ਪਹਾੜਾਂ ਦੀ ਰਾਣੀ ਮਸੂਰੀ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ।
ਦਰਅਸਲ, ਮਸੂਰੀ ਵਿੱਚ ਦੇਰ ਰਾਤ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਜਿਸ ਨਾਲ ਸ਼ਹਿਰ ਵਿੱਚ ਠੰਡ ਵੱਧ ਗਈ। ਮੀਂਹ ਦੇ ਨਾਲ ਸ਼ਹਿਰ ਵਿੱਚ ਹਲਕੀ ਬਰਫਬਾਰੀ ਵੀ ਹੋਈ। ਸ਼ਹਿਰ ਦੇ ਲਾਲਟਿੱਬਾ, ਮਾਲ ਰੋਡ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਦੇਰ ਰਾਤ ਭਾਰੀ ਬਾਰਿਸ਼ ਹੋਈ ਅਤੇ ਫਿਰ ਹਲਕੀ ਬਰਫ਼ਬਾਰੀ ਹੋਈ । ਸ਼ਹਿਰ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਇੱਥੇ ਆਉਣ ਵਾਲੇ ਸੈਲਾਨੀਆਂ ਬਹੁਤ ਸੋਹਣੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ।
ਇਸ ਸਬੰਧੀ ਉੱਤਰਾਖੰਡ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਅਤੇ ਕੱਲ੍ਹ ਪਹਾੜੀ ਜ਼ਿਲ੍ਹਿਆਂ ਵਿੱਚ ਬਰਫਬਾਰੀ ਹੋਵੇਗੀ ਅਤੇ ਮੈਦਾਨੀ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਬਰਫਬਾਰੀ ਦੇ ਕਾਰਨ ਪਹਾੜਾਂ ਵਿੱਚ ਚਟਾਨਾਂ ਖਿਸਕ ਸਕਦੀਆਂ ਹਨ ਅਤੇ ਰਸਤੇ ਜਾਮ ਹੋ ਸਕਦੇ ਹਨ । ਪਹਾੜੀ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਉਥੇ ਹੀ ਦੂਜੇ ਪਾਸੇ ਜੰਮੂ ਦੇ ਕਟੜਾ ਸਥਿਤ ਵੈਸ਼ਨੋ ਦੇਵੀ ਵਿੱਚ ਵੀ ਐਤਵਾਰ ਰਾਤ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ । ਇਸ ਕਾਰਨ ਇੱਥੇ ਮੌਸਮ ਬਹੁਤ ਠੰਡਾ ਹੋ ਗਿਆ। ਇਸ ਮੌਕੇ ‘ਤੇ ਇੱਥੇ ਪਹੁੰਚੇ ਸ਼ਰਧਾਲੂ ਬਹੁਤ ਖੁਸ਼ ਹਨ । ਐਤਵਾਰ ਨੂੰ ਮਾਂ ਵੈਸ਼ਨੋ ਦੇਵੀ ਭਵਨ ਅਤੇ ਤ੍ਰਿਕੁਟਾ ਪਹਾੜ ਸਮੇਤ ਆਸ ਪਾਸ ਦੇ ਖੇਤਰ ਵਿੱਚ ਸ਼ੁਰੂ ਹੋਈ ਬਰਫਬਾਰੀ ਤੋਂ ਇੱਥੇ ਪਹੁੰਚੇ ਮਾਂ ਦੇ ਭਗਤ ਬਹੁਤ ਖੁਸ਼ ਹਨ । ਬਰਫਬਾਰੀ ਦੇਖ ਕੇ ਸ਼ਰਧਾਲੂਆਂ ਦੇ ਚਿਹਰੇ ਖਿੜ ਗਏ ਹਨ।