navreet singh postmortem report delhi high court: ਦਿੱਲੀ ਹਾਈ ਕੋਰਟ ਨੇ ਵੀਰਵਾਰ ਯਾਨੀ ਕਿ ਅੱਜ ਉੱਤਰ ਪ੍ਰਦੇਸ਼ ਪੁਲਸ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਨਾਲ ਮਾਰੇ ਗਏ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ। ਜਸਟਿਸ ਯੋਗੇਸ਼ ਖੰਨਾ ਨੇ ਕਿਹਾ ਕਿ ਦੋਵੇਂ ਮੂਲ ਦਸਤਾਵੇਜ਼ 5 ਮਾਰਚ ਨੂੰ ਦੁਪਹਿਰ 2 ਵਜੇ ਦਿੱਲੀ ਪੁਲਸ ਦੇ ਅਧਿਕਾਰੀ ਦੇ ਹਵਾਲੇ ਕੀਤਾ ਜਾਵੇ ਅਤੇ ਜਾਂਚ ਅਧਿਕਾਰੀ ਸੁਰੱਖਿਅਤ ਥਾਂ ’ਤੇ ਇਸ ਨੂੰ ਸਾਂਭ ਕੇ ਰੱਖਣਗੇ।
ਦੱਸ ਦੇਈਏ ਕਿ ਹਾਈ ਕੋਰਟ ਨਵਰੀਤ ਦੇ ਦਾਦਾ ਹਰਦੀਪ ਸਿੰਘ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਨਵਰੀਤ ਦੇ ਮੱਥੇ ’ਤੇ ਗੋਲੀ ਲੱਗੀ ਸੀ। ਉਸ ਦਾ ਪੋਸਟਮਾਰਟਮ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹਾ ਹਸਪਤਾਲ ਵਿਚ ਹੋਇਆ ਸੀ। ਹਾਲਾਂਕਿ ਅਦਾਲਤ ਦੇ ਸਾਹਮਣੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਨੇ ਦਾਅਵਾ ਕੀਤਾ ਕਿ ਨਵਰੀਤ ਨੂੰ ਕੋਈ ਗੋਲੀ ਨਹੀਂ ਲੱਗੀ ਸੀ। ਪੁਲਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ। ਦੱਸ ਦੇਈਏ ਕਿ ਨਵਰੀਤ ਸਿੰਘ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਦਿੱਲੀ ’ਚ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ’ਚ ਸ਼ਾਮਲ ਹੋਇਆ ਸੀ।
ਦੱਸਣਯੋਗ ਹੈ ਕਿ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਦੌਰਾਨ ਦਿੱਲੀ ਦੀਆਂ ਕੁਝ ਥਾਵਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਹੋਈਆਂ ਸਨ। ਇਸ ਵਿਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਅਤੇ ਇਕ ਕਿਸਾਨ ਪ੍ਰਦਰਸ਼ਨਕਾਰੀ ਨਵਰੀਤ ਦੀ ਮੌਤ ਹੋ ਗਈ ਸੀ। ਪੁਲਸ ਦੇ ਬੈਰੀਕੇਡ ਨੂੰ ਹਟਾਉਣ ਦੌਰਾਨ ਨਵਰੀਤ ਦਾ ਟਰੈਕਟਰ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਨਵਰੀਤ ਦੀ ਮੌਤ ਪੁਲਸ ਦੀ ਗੋਲੀ ਲੱਗਣ ਕਾਰਨ ਹੋਈ। ਅਜਿਹਾ ਦਾਅਵਾ ਨਵਰੀਤ ਦੇ ਦਾਦਾ ਵਲੋਂ ਕੀਤਾ ਜਾ ਰਿਹਾ ਹੈ। ਆਪਣੇ ਪੋਤੇ ਨੂੰ ਇਨਸਾਫ਼ ਦਿਵਾਉਣ ਲਈ ਦਾਦੇ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।