ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਰੇਗੀ। ਕੇਂਦਰੀ ਗ੍ਰਹਿ ਮੰਤਰਾਲੇ ਇਸ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਅੱਜ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਐਨਆਈਏ ਤੋਂ ਧਮਾਕੇ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਾਂਚ ਏਜੰਸੀਆਂ ਇਸ ਵੇਲੇ ਘਟਨਾ ਵਾਲੀ ਥਾਂ ਤੋਂ ਸੁਰਾਗ ਇਕੱਠੇ ਕਰ ਰਹੀਆਂ ਹਨ। ਐਨਆਈਏ ਨੂੰ ਕੇਸ ਸੌਂਪਣ ਦਾ ਮੁੱਖ ਕਾਰਨ ਧਮਾਕੇ ਅਤੇ ਕਈ ਸੂਬਿਆਂ ਵਿਚਕਾਰ ਸਬੰਧ ਦੱਸਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਸਦਾਨੰਦ ਵਸੰਤ ਦਾਤੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ, ਜਦੋਂਕਿ ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨਲਿਨ ਪ੍ਰਭਾਤ ਡਿਜੀਟਲੀ ਮੀਟਿੰਗ ਵਿੱਚ ਸ਼ਾਮਲ ਹੋਏ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ, ਜੋਕਿ ਅੱਤਵਾਦੀ ਕਾਰਵਾਈ ਦੀ ਸਾਜ਼ਿਸ਼ ਰਚਣ ਅਤੇ ਅਜਿਹੇ ਅਪਰਾਧਾਂ ਲਈ ਸਜ਼ਾ ਨਾਲ ਜੁੜੀਆਂ ਹਨ। ਰਾਸ਼ਟਰੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਵਿਸਫੋਟ ਕਰਨ ਵਾਲੀ ਕਾਰ ਦਾ ਡਰਾਈਵਰ ਕਥਿਤ ਤੌਰ ‘ਤੇ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਭਿਆਨਕ ਅੱਗ, ਦੂਰ ਤੱਕ ਦਿਸੀਆਂ ਲਪਟਾਂ, ਕਈ ਦੁਕਾਨਾਂ ਨੂੰ ਨੁਕਸਾਨ
ਰਾਸ਼ਟਰੀ ਰਾਜਧਾਨੀ ਇਸ ਸਮੇਂ ਹਾਈ ਅਲਰਟ ‘ਤੇ ਹੈ ਅਤੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਵਾਮਾ ਦਾ ਰਹਿਣ ਵਾਲਾ ਅਤੇ ਪੇਸ਼ੇ ਤੋਂ ਡਾਕਟਰ ਉਮਰ ਮੁਹੰਮਦ, ਕਥਿਤ ਤੌਰ ‘ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਪਾਰਕਿੰਗ ਖੇਤਰ ਵਿੱਚ ਧਮਾਕੇ ਵਿੱਚ ਵਰਤੀ ਗਈ ਹੁੰਡਈ ਆਈ20 ਕਾਰ ਚਲਾ ਰਿਹਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਲਾਲ ਕਿਲ੍ਹੇ ਦੇ ਨੇੜੇ ਵਿਸਫੋਟ ਹੋਈ ਕਾਰ ਚਲਾਉਣ ਵਾਲੇ ਵਿਅਕਤੀ ਦੀ ਪਹਿਲੀ ਤਸਵੀਰ ਇਲਾਕੇ ਦੇ ਸੀਸੀਟੀਵੀ ਫੁਟੇਜ ਤੋਂ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਦੇ ਕਥਿਤ ਤੌਰ ‘ਤੇ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਸਬੰਧ ਸਨ, ਜਿੱਥੋਂ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























