Nirmala Sitharaman slams kerala govt: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕੇਰਲਾ ਦੇ ਕੋਚੀ ਵਿੱਚ ਵਿਜੇ ਯਾਤਰਾ ਨੂੰ ਸੰਬੋਧਿਤ ਕੀਤਾ । ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ‘ਹਰ ਕੋਈ ਜਾਣਦਾ ਹੈ ਕਿ ਕੇਰਲਾ ‘ਤੇ ਰੱਬ ਦੀ ਵਿਸ਼ੇਸ਼ ਕਿਰਪਾ ਹੈ, ਪਰ ਇੱਥੇ ਜੋ ਕੁਝ ਵੀ ਹੋ ਰਿਹਾ ਹੈ ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ।’ ਸੀਤਾਰਮਨ ਨੇ ਕਿਹਾ ਕਿ ਇੱਥੇ ਅਮਨ-ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ।
ਨਿਰਮਲਾ ਸੀਤਾਰਮਨ ਨੇ ਕੇਰਲਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਰੱਬ ਵੱਲੋਂ ਵਿਸ਼ੇਸ਼ ਕ੍ਰਿਪਾ ਪ੍ਰਾਪਤ ਰਾਜ ਹੈ ਜਾਂ ਸੀਪੀਆਈ ਦਾ ਹਿੰਸਕ ਸੱਭਿਆਚਾਰ ਹੈ, ਜੋ ਪੱਛਮੀ ਬੰਗਾਲ ਵਿੱਚ ਵੀ ਫੈਲਿਆ ਹੋਇਆ ਹੈ। ਤੁਸੀਂ ਇੱਥੇ ਕਈ ਸਾਲਾਂ ਤੋਂ ਰਾਜ ਕਰ ਰਹੇ ਹੋ। ਨਾਲ ਹੀ ਮੈਨੂੰ ਇਹ ਕਹਿਣ ਤੋਂ ਡਰ ਲੱਗ ਰਿਹਾ ਹੈ ਕਿ ਰੱਬ ਵੱਲੋਂ ਵਿਸ਼ੇਸ਼ ਕਿਰਪਾ ਪ੍ਰਾਪਤ ਇਹ ਰਾਜ ਹੁਣ ਹੌਲੀ-ਹੌਲੀ ਕੱਟੜਪੰਥੀਆਂ ਦਾ ਰਾਜ ਬਣ ਰਿਹਾ ਹੈ ਅਤੇ ਸਰਕਾਰ ਚਿੰਤਤ ਨਹੀਂ ਹੈ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਰਲਾ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਅਤੇ ਸਾਰਾ ਪੈਸਾ ਕੇਰਲਾ ਦੇ ਬੁਨਿਆਦੀ ਢਾਂਚਾ ਨਿਵੇਸ਼ ਫੰਡ ਬੋਰਡ ਨੂੰ ਦਿੱਤਾ ਗਿਆ । ਮੈਨੂੰ ਨਹੀਂ ਪਤਾ ਕਿ ਉਹ ਸਾਰੇ ਪੈਸੇ KIIFB ਨੂੰ ਦੇਣ ‘ਤੇ ਕਿਹੜਾ ਬਜਟ ਬਣਾ ਰਹੇ ਹਨ? ਇਹ ਸੰਗਠਨ ਕੀ ਹੈ?
ਇਸ ਤੋਂ ਅੱਗੇ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ‘ਅਸੀਂ ਕੇਂਦਰੀ ਬਜਟ ਬਣਾਉਂਦੇ ਹਾਂ। ਅਸੀਂ ਕਿਸੇ ਇੱਕ ਸੰਸਥਾ ਨੂੰ ਪੈਸੇ ਨਹੀਂ ਦਿੰਦੇ ਅਤੇ ਇਹ ਨਹੀਂ ਕਹਿੰਦੇ ਕਿ ਇਹ ਠੀਕ ਹੈ। ਕੰਟਰੋਲਰ ਅਤੇ ਆਡੀਟਰ ਜਨਰਲ ਨੇ ਇਸ ਦੀ ਅਲੋਚਨਾ ਕੀਤੀ ਹੈ। ਜੇ ਇਸ ਤਰ੍ਹਾਂ ਬਜਟ ਬਣਾਇਆ ਜਾ ਰਿਹਾ ਹੈ, ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੇਰਲਾ ਕਰਜ਼ੇ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ। ਇਹ ਭ੍ਰਿਸ਼ਟਾਚਾਰ ਦਾ ਸ਼ੱਕੀ ਮਾਮਲਾ ਹੈ।’