North India Cold Wave: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਹਿੱਸੇ ਵਿੱਚ ਜਨਵਰੀ ਦੇ ਇਸ ਸਮੇਂ ਵੀ ਕੜਾਕੇ ਦੀ ਠੰਡ ਜਾਰੀ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਤਾਪਮਾਨ ਵਿੱਚ ਬੇਹੱਦ ਕਮੀ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ੀਤ ਲਹਿਰ ਅਤੇ ਧੁੰਦ ਲੋਕਾਂ ਦੀ ਮੁਸੀਬਤ ਨੂੰ ਵਧਾ ਰਹੇ ਹਨ । ਇਸ ਦੇ ਨਾਲ ਹੀ, ਭਾਰਤ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 3 ਦਿਨਾਂ ਵਿੱਚ ਉੱਤਰ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਜਾਵੇਗੀ । ਇਸ ਨਾਲ ਠੰਡ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ।
IMD ਅਨੁਸਾਰ ਅਗਲੇ ਦੋ ਦਿਨਾਂ ਵਿੱਚ ਉਤਰਾਖੰਡ ਦੇ ਕੁਝ ਇਲਾਕਿਆਂ ਤੇ 20 ਤੇ 21 ਜਨਵਰੀ ਨੂੰ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਜਾਰੀ ਰਹੇਗੀ । ਇਨ੍ਹਾਂ ਰਾਜਾਂ ਦੇ ਬਹੁਤੇ ਇਲਾਕੇ ਸ਼ੀਤ ਲਹਿਰ ਦੀ ਚਪੇਟ ਵਿੱਚ ਰਹਿਣਗੇ। ਉੱਥੇ ਹੀ ਮੌਸਮ ਵਿਭਾਗ ਨੇ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਰਹੇਗੀ । ਬਿਹਾਰ ਵਿੱਚ 3 ਦਿਨਾਂ ਤੱਕ ਧੁੰਦ ਮੁਸੀਬਤ ਬਣੇਗੀ। ਬੁੱਧਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਧੁੰਦ ਛਾਈ ਰਹੇਗੀ। 24 ਘੰਟਿਆਂ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਧੁੰਦ ਘਟਣੀ ਸ਼ੁਰੂ ਹੋ ਜਾਵੇਗੀ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲਿਆਈ ਖੇਤਰ ਵਿੱਚ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਪੱਛਮੀ ਹਿਮਾਲਿਆਈ ਖੇਤਰਾਂ ਵਿੱਚ 22 ਤੋਂ 24 ਜਨਵਰੀ ਤੱਕ ਬਾਰਿਸ਼ ਦੇ ਨਾਲ ਬਰਫਬਾਰੀ ਹੋ ਸਕਦੀ ਹੈ । ਰਾਜਸਥਾਨ ਵਿੱਚ ਬੁੱਧਵਾਰ ਨੂੰ ਠੰਡ ਵਧੇਰੇ ਰਹੇਗੀ । ਇਸ ਦੇ ਨਾਲ ਹੀ, ਅਗਲੇ ਤਿੰਨ ਦਿਨ ਬਿਹਾਰ ਵਿੱਚ ਠੰਡੇ ਰਹਿਣਗੇ।