North India Not Relief: ਨਵੀਂ ਦਿੱਲੀ: ਕੜਾਕੇ ਦੀ ਠੰਡ ਝੇਲ ਰਹੇ ਉੱਤਰ ਭਾਰਤ ਵਿੱਚ ਕਈ ਥਾਵਾਂ ‘ਤੇ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਧੁੰਦ ਦੀ ਸਥਿਤੀ ਬਣੀ ਰਹੀ । ਦਿੱਲੀ, ਉੱਤਰ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਧੁੰਦ ਦੀ ਚਾਦਰ ਦੇ ਚੱਲਦਿਆਂ ਵਿਜ਼ੀਬਿਲਿਟੀ ਬਹੁਤ ਘੱਟ ਸੀ, ਜਿਸ ਕਾਰਨ ਦੂਰ-ਦੂਰ ਤੱਕ ਕੁਝ ਦਿਖਾਈ ਦੇਣਾ ਮੁਸ਼ਕਿਲ ਹੋ ਗਿਆ ਸੀ। ਇਸਦਾ ਅਸਰ ਰੇਲ ਟ੍ਰੈਫਿਕ ਅਤੇ ਸੜਕੀ ਆਵਾਜਾਈ ‘ਤੇ ਵੀ ਪਿਆ। ਮੌਸਮ ਵਿਭਾਗ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਤੱਕ ਸ਼ੀਤ ਲਹਿਰ ਜਾਰੀ ਰਹਿਣ ਅਤੇ 24 ਘੰਟਿਆਂ ਵਿੱਚ ਦਿੱਲੀ ਅਤੇ ਕੁਝ ਹਿੱਸਿਆਂ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ-ਐਨਸੀਆਰ ਵਿੱਚ ਪੂਰਬ ਦਿਸ਼ਾ ਵੱਲ ਚੱਲ ਰਹੀ ਹਵਾ ਇੰਨੀ ਠੰਢੀ ਨਹੀਂ ਹੈ ਜਿੰਨੀ ਪੱਛਮੀ ਹਿਮਾਲਿਆ ਤੋਂ ਆਉਣ ਵਾਲੀਆਂ ਹਵਾਵਾਂ ਹਨ । ਇਸ ਲਈ ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਤਾਂ ਵਧੇਗਾ ਹੀ, ਪਰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ । ਇਸ ਲਈ ਠੰਡ ਦਾ ਕਹਿਰ 22 ਜਨਵਰੀ ਤੱਕ ਜਾਰੀ ਰਹੇਗਾ । ਅਗਲੇ ਦੋ ਦਿਨਾਂ ਤੱਕ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਰਹੇਗੀ।
ਦੱਸ ਦੇਈਏ ਕਿ ਇਸ ਸਬੰਧੀ ਮੌਸਮ ਵਿਭਾਗ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਜਿਸ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਸੀ, ਜਦੋਂ ਕਿ ਪੰਜਾਬ, ਚੰਡੀਗੜ੍ਹ, ਦਿੱਲੀ, ਉੱਤਰ ਪੱਛਮੀ ਰਾਜਸਥਾਨ, ਉੱਤਰ ਪੱਛਮੀ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਅਸਾਮ ਅਤੇ ਮੇਘਾਲਿਆ ਵਿੱਚ ਐਤਵਾਰ ਰਾਤ ਨੂੰ ਸੰਘਣੀ ਧੁੰਦ ਛਾਈ ਰਹੀ । ਐਤਵਾਰ ਰਾਤ ਨੂੰ 11.30 ਵਜੇ ਵਾਰਾਣਸੀ ਵਿੱਚ 25 ਮੀਟਰ, ਅੰਮ੍ਰਿਤਸਰ, ਦੇਹਰਾਦੂਨ, ਗਿਆ, ਬਹਰਾਇਚ ਵਿੱਚ 50 ਮੀਟਰ, ਚੰਡੀਗੜ੍ਹ, ਬਰੇਲੀ, ਲਖਨਊ, ਤੇਜਪੁਰ ਵਿੱਚ 200 ਮੀਟਰ, ਗੰਗਾਨਗਰ, ਅੰਬਾਲਾ, ਪਟਿਆਲਾ, ਦਿੱਲੀ-ਪਾਲਮ, ਗਵਾਲੀਅਰ, ਭਾਗਲਪੁਰ ਵਿੱਚ 500 ਮੀਟਰ ਦਰਜ ਕੀਤੀ ਗਈ।