North India Weather Updates: ਦਿੱਲੀ ਸਣੇ ਆਸ-ਪਾਸ ਦੇ ਰਾਜਾਂ ਵਿੱਚ ਸਰਦੀਆਂ ਦਾ ਸਿਤਮ ਜਾਰੀ ਹੈ। ਬੱਦਲ ਛਾਂਟਣ ਤੋਂ ਬਾਅਦ ਧੁੰਦ ਅਤੇ ਸ਼ੀਤ ਲਹਿਰ ਦੀ ਮਾਰ ਤੇਜ਼ ਹੋ ਗਈ ਹੈ। ਪੂਰੇ ਉੱਤਰ ਭਾਰਤ ਵਿੱਚ ਸਥਿਤੀ ਲਗਭਗ ਇਕੋ ਜਿਹੀ ਹੈ। ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਿੱਚ ਬਰਫਬਾਰੀ ਤੋਂ ਬਾਅਦ ਆਸਮਾਨ ਸਾਫ ਹੋ ਗਿਆ ਹੈ, ਪਰ ਕੜਾਕੇ ਦੀ ਠੰਡ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ ਦਿਨ ਠੰਡ ਪੈਣ ਦੀ ਉਮੀਦ ਹੈ । ਉੱਥੇ ਹੀ ਦੂਜੇ ਪਾਸੇ ਪੰਜਾਬ ਹਰਿਆਣਾ, ਰਾਜਸਥਾਨ, ਦਿੱਲੀ, ਯੂਪੀ ਵਿੱਚ ਅਗਲੇ 4-5 ਦਿਨਾਂ ਤੱਕ ਸ਼ੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਹੈ। ਇਸ ਦੌਰਾਨ ਸੰਘਣੀ ਧੁੰਦ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ। ਅੱਜ ਸਵੇਰੇ ਦੇ ਸਮੇਂ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਸੀ। ਕਸ਼ਮੀਰ ਦੇ ਪੁੰਛ ਵਿੱਚ ਤਾਜ਼ਾ ਬਰਫਬਾਰੀ ਨੇ ਇੱਕ ਵਾਰ ਫਿਰ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ । ਸੜਕ ‘ਤੇ ਬਰਫ ਦੀਆਂ ਮੋਟੀਆਂ ਚਾਦਰਾਂ ਹਨ, ਜਿਸ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਕਈ ਇਲਾਕੇ ਬਰਫ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਏ ਹਨ।
ਦਰਅਸਲ, ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਜਾਰੀ ਹੈ । ਮੌਸਮ ਵਿਭਾਗ ਨੇ ਦਿੱਲੀ ਸਮੇਤ ਉੱਤਰੀ ਮੈਦਾਨੀ ਇਲਾਕਿਆਂ ਲਈ 3 ਦਿਨਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ ਪਾਰਾ 3 ਡਿਗਰੀ ਤੱਕ ਜਾਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਭਾਰੀ ਧੁੰਦ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, “ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅਤੇ ਉੱਤਰ ਪ੍ਰਦੇਸ਼, ਉੱਤਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੱਖਰੇ ਥਾਵਾਂ ‘ਤੇ ਜ਼ੋਰਦਾਰ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ।” IMD ਨੇ ਕਿਹਾ ਕਿ ਅਗਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਵੱਖਰੀਆਂ ਥਾਵਾਂ ‘ਤੇ ਕੋਹਰਾ ਪੈ ਸਕਦਾ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ 13-16 ਜਨਵਰੀ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਸਨੇ 13 ਜਨਵਰੀ ਲਈ ਰਾਜਸਥਾਨ ਲਈ ਵੀ ਚੇਤਾਵਨੀ ਜਾਰੀ ਕੀਤੀ ਹੈ। ਉੱਥੇ ਹੀ ਕੇਦਾਰਨਾਥ ਧਾਮ ਬਰਫ ਦੀ 3 ਫੁੱਟ ਸੰਘਣੀ ਚਿੱਟੀ ਚਾਦਰ ਨਾਲ ਲਪੇਟਿਆ ਹੋਇਆ ਹੈ । ਕੇਦਾਰਨਾਥ ਧਾਮ ਵਿੱਚ ਹਰ ਥਾਂ ਸਿਰਫ ਬਰਫ ਹੀ ਬਰਫ ਨਜ਼ਰ ਆ ਰਹੀ ਹੈ।