nowshera sector ceasefire: ਜੰਮੂ ਕਸ਼ਮੀਰ ਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਗੋਲੀਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿ ਫਾਇਰਿੰਗ ਵਿੱਚ ਸੈਨਾ ਦੇ ਇੱਕ ਹੌਲਦਾਰ ਸ਼ਹੀਦ ਹੋਇਆ ਹੈ। ਭਾਰਤ ਵੱਲੋਂ ਪਾਕਿਸਤਾਨੀ ਗੋਲੀਬਾਰੀ ਦਾ ਜਵਾਬ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਸਰਹੱਦ ਪਾਰੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹੁਣ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਕੰਟਰੋਲ ਰੇਖਾ ‘ਤੇ ਸਥਿਤ ਅਗਲੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਲਾਮ ਖੇਤਰ ਵਿੱਚ ਸਰਹੱਦ ਪਾਰੋਂ ਰਾਤ 1 ਵਜੇ ਹੋਈ ਫਾਇਰਿੰਗ ਵਿੱਚ ਹੌਲਦਾਰ ਸ਼ਿਵਾਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਸ਼ਹੀਦ ਹੋ ਗਿਆ ਸੀ।
1999 ਵਿੱਚ ਦੋਵਾਂ ਦੇਸ਼ਾਂ ਦੁਆਰਾ ਦਸਤਖਤ ਕੀਤੇ ਗਏ ਦੁਵੱਲੇ ਜੰਗਬੰਦੀ ਸਮਝੌਤੇ ਦੀ ਪਾਕਿਸਤਾਨ ਵਾਰ-ਵਾਰ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਵਲੋਂ ਜਨਵਰੀ 2020 ਤੋਂ ਲੈ ਕੇ ਹੁਣ ਤੱਕ 3,200 ਤੋਂ ਵੱਧ ਜੰਗਬੰਦੀ ਦੀ ਉਲੰਘਣਾ ਵਿੱਚ 30 ਆਮ ਨਾਗਰਿਕ ਮਾਰੇ ਗਏ ਹਨ ਅਤੇ 110 ਤੋਂ ਵੱਧ ਜ਼ਖਮੀ ਹੋਏ ਹਨ। ਵੀਰਵਾਰ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਨਗਰੋਟਾ ਟੋਲ ਪਲਾਜ਼ਾ ਨੇੜੇ 4 ਅੱਤਵਾਦੀ ਵੀ ਮਾਰੇ ਗਏ ਸਨ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 11 ਏ ਕੇ ਰਾਈਫਲਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਸੀ। ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ਵਿੱਚ ਸਾਂਬਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਰਾਹੀਂ ਜੰਮੂ ਕਸ਼ਮੀਰ ਵਿੱਚ ਘੁਸਪੈਠ ਕੀਤੀ ਸੀ।