Owaisi lashes out at Modi govt: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਸੁਪਰੀਮੋ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਖਿਲਾਫ ਹਮਲਾਵਰ ਰੁਖ ਅਪਣਾਇਆ ਹੈ।
ਓਵੈਸੀ ਨੇ ਕੇਂਦਰ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਗੈਰ-ਵਿਗਿਆਨਕ ਸਰਕਾਰ ਦੱਸਦਿਆਂ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਸਰਕਾਰ ਨੇ ਜਿੱਤ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਆਪ ਨੂੰ ਖੁਦ ਹੀ ਸ਼ਾਬਾਸ਼ੀ ਦੇ ਦਿੱਤੀ । ਉਨ੍ਹਾਂ ਕਿਹਾ ਕਿ ਹੁਣ ਦੂਜੀ ਲਹਿਰ ਦੇ ਕਹਿਰ ਨੂੰ ਵੇਖਦਿਆਂ ਸਰਕਾਰ ਕੁਝ ਵੀ ਬੋਲਣ ਤੋਂ ਝਿਜਕ ਰਹੀ ਹੈ। ਉਨ੍ਹਾਂ ਦੇ ਆਪਣੇ ਵਿਗਿਆਨਕ ਸਲਾਹਕਾਰ ਤੀਜੀ ਲਹਿਰ ਬਾਰੇ ਭੰਬਲਭੂਸੇ ਵਿੱਚ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਵਿਗਿਆਨੀ ਸਰਕਾਰ ਦੇ ਇਸ਼ਾਰੇ ’ਤੇ ਆਪਣੀ ਸਥਿਤੀ ਬਦਲ ਰਹੇ ਹਨ । ਓਵੈਸੀ ਦੀ ਪ੍ਰਤੀਕ੍ਰਿਆ ਕੇਂਦਰ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਵਿਜੇ ਰਾਘਵਨ ਦੇ ਉਸ ਬਿਆਨ ‘ਤੇ ਆਈ ਹੈ, ਜਿੱਥੇ ਉਸਨੇ ਤੀਜੀ ਲਹਿਰ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।
ਇਸਦੇ ਬਾਅਦ ਉਨ੍ਹਾਂ ਨੇ ਆਪਣੇ ਅਗਲੇ ਟਵੀਟ ਵਿੱਚ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਟਾਸਕ ਫੋਰਸ ਸਥਾਪਿਤ ਕਰਨ ਲਈ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ ਕਿ ਜੇ ਸਰਕਾਰ ਦੂਜੀ ਲਹਿਰ ਲਈ ਤਿਆਰ ਰਹਿੰਦੀ ਅਤੇ ਇਸ ਦਾ ਰਵੱਈਆ ਲਾਪ੍ਰਵਾਹੀ ਵਾਲਾ ਨਾ ਹੁੰਦਾ ਤਾਂ ਇਸ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ । ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਕਦਮ ਦਰਸਾਉਂਦਾ ਹੈ ਕਿ ਸਰਕਾਰ ਕਿਸ ਤਰ੍ਹਾਂ ਸੰਵਿਧਾਨਕ ਅਦਾਰਿਆਂ ਦੀ ਆਜ਼ਾਦੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਇੱਕ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਹੈ । ਜੋ ਦੇਸ਼ ਵਿੱਚ ਆਕਸੀਜਨ ਦੀ ਉਪਲਬਧਤਾ ਅਤੇ ਸਪਲਾਈ ਦਾ ਮੁਲਾਂਕਣ ਅਤੇ ਸਿਫਾਰਸ਼ ਕਰੇਗੀ। ਟਾਸਕ ਫੋਰਸ ਦੇ 12 ਮੈਂਬਰ ਹੋਣਗੇ । ਸੁਪਰੀਮ ਕੋਰਟ ਨੇ ਕਿਹਾ ਕਿ ਟਾਸਕ ਫੋਰਸ ਮਹਾਂਮਾਰੀ ਦੀਆਂ ਚੁਣੌਤੀਆਂ ਨੂੰ ਹੁਣ ਅਤੇ ਭਵਿੱਖ ਲਈ ਪਾਰਦਰਸ਼ੀ ਅਤੇ ਪੇਸ਼ੇਵਰ ਅਧਾਰ ‘ਤੇ ਸਾਹਮਣਾ ਕਰਨ ਲਈ ਇਨਪੁਟ ਅਤੇ ਰਣਨੀਤੀ ਪ੍ਰਦਾਨ ਕਰੇਗੀ।