P Chidambaram Says: ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਰਾਜੀਵ ਗਾਂਧੀ ਫਾਊਂਡੇਸ਼ਨ (RGF) ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਸ਼ਨੀਵਾਰ ਨੂੰ ਪਲਟਵਾਰ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ RGF ਵਲੋਂ ਚੀਨ ਨੂੰ ਪੈਸਾ ਵਾਪਸ ਕਰਨ ਨਾਲ ਲੱਦਾਖ ਵਿੱਚ ਚੀਨੀ ਫੌਜ ਦਾ ਕਬਜ਼ਾ ਖਤਮ ਹੋ ਜਾਵੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਹੋ ਜਾਵੇਗੀ ।
ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ, “ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅੱਧਾ ਸੱਚ ਬੋਲਣ ਵਿੱਚ ਮਾਹਰ ਹਨ । ਮੇਰੇ ਸਹਿਯੋਗੀ ਰਣਦੀਪ ਸੁਰਜੇਵਾਲਾ ਨੇ ਕੱਲ ਉਨ੍ਹਾਂ ਦੀ ਅੱਧੀ ਸੱਚਾਈ ਸਾਹਮਣੇ ਲਿਆਂਦੀ ।”
ਇਸ ਤੋਂ ਇਲਾਵਾ ਚਿਦਾਂਬਰਮ ਨੇ ਸਵਾਲ ਕੀਤਾ RGF ਨੂੰ 15 ਸਾਲ ਪਹਿਲਾਂ ਮਿਲੀ ਗਰਾਂਟ ਦਾ ਮੋਦੀ ਸਰਕਾਰ ਦੇ ਅਧੀਨ 2020 ਵਿੱਚ ਚੀਨ ਦੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਨਾਲ ਕੀ ਲੈਣਾ-ਦੇਣਾ ਹੈ? ਮੰਨ ਲਵੋ ਕਿ RGF 20 ਲੱਖ ਰੁਪਏ ਵਾਪਸ ਦੇ ਦਿੰਦੀ ਹੈ, ਤਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਭਰੋਸਾ ਦਿਵਾਉਣਗੇ ਕਿ ਚੀਨ ਆਪਣਾ ਕਬਜ਼ਾ ਖਾਲੀ ਕਰੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਕਰੇਗਾ? ਉਨ੍ਹਾਂ ਅੱਗੇ ਕਿਹਾ, “ਨੱਢਾ ਜੀ, ਅਸਲ ਵਿੱਚ ਜ਼ਮੀਨ ‘ਤੇ ਆਓ, ਅੱਧੀ ਸੱਚਾਈ ਵਾਲੇ ਅਤੀਤ ਵਿੱਚ ਨਾ ਰਹੋ । ਕ੍ਰਿਪਾ ਭਾਰਤੀ ਖੇਤਰ ਵਿੱਚ ਚੀਨੀ ਘੁਸਪੈਠ ‘ਤੇ ਸਾਡੇ ਸਵਾਲਾਂ ਦੇ ਜਵਾਬ ਦਿਓ।
ਦੱਸ ਦੇਈਏ ਕਿ ਭਾਜਪਾ ਪ੍ਰਧਾਨ ਨੱਢਾ ਨੇ ਦੋਸ਼ ਲਗਾਇਆ ਹੈ ਕਿ 2005 ਵਿੱਚ RGF ਨੂੰ ਚੀਨੀ ਦੂਤਘਰ ਤੋਂ ਪੈਸੇ ਮਿਲੇ ਸਨ । ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਜਪਾ ‘ਤੇ ਚੀਨੀ ਘੁਸਪੈਠ ਤੋਂ ਧਿਆਨ ਭਟਕਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿਵਯਾਂਗਾਂ ਦੇ ਕਲਿਆਣ ਅਤੇ ਭਾਰਤ-ਚੀਨ ਸੰਬੰਧਾਂ ਤੇ ਸੋਧ ਲਈ RGF ਨੂੰ ਇਹ ਗਰਾਂਟ ਮਿਲੀ ਸੀ ਅਤੇ ਰਿਟਰਨ ਫਾਈਲ ਕਰਨ ਦੌਰਾਨ ਇਸ ਦਾ ਜ਼ਿਕਰ ਕੀਤਾ ਗਿਆ ਸੀ ।