Pagadi Sambhal Diwas: ਕੇਂਦਰ ਦੇ ਖੇਤੀਬਾੜੀ ਖਿਲਾਫ਼ ਕਿਸਾਨਾਂ ਦੇ ਜਾਰੀ ਅੰਦੋਲਨ ਦਾ ਅੱਜ 91ਵਾਂ ਦਿਨ ਹੈ। ਇਸੇ ਵਿਚਾਲੇ ਅੱਜ ਕਿਸਾਨ ਪਗੜੀ ਸੰਭਾਲ ਦਿਵਸ ਮਨਾਉਣ ਜਾ ਰਹੇ ਹਨ। ਕਿਸਾਨ ਪਗੜੀ ਸੰਭਾਲ ਦਿਵਸ ‘ਤੇ ਆਤਮ-ਸਨਮਾਨ ਦੇ ਪ੍ਰਤੀਕ ਵਿੱਚ ਆਪਣੇ ਖੇਤਰ ਦੀ ਪੱਗ ਬੰਨ੍ਹ ਕੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਹਨ। ਇਸ ਦੇ ਲਈ ਕਿਸਾਨ ਅੱਜ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ, ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਅੱਜ ਪਗੜੀ ਸੰਭਾਲ ਦਿਵਸ ਮਨਾਉਣਗੇ।
ਦਰਅਸਲ, ਇਹ ਦਿਵਸ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਹਿਜਾਨੰਦ ਸਰਸਵਤੀ ਦੀ ਯਾਦ ਵਿੱਚ ਮਨਾਇਆ ਜਾਵੇਗਾ। 1907 ਵਿੱਚ ‘ਪਗੜੀ ਸੰਭਾਲ ਓਏ ਜੱਟਾ’ ਲਹਿਰ ਬ੍ਰਿਟਿਸ਼ ਸਰਕਾਰ ਵਿਰੁੱਧ ਚਲਾਈ ਗਈ ਸੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਵਿਰੁੱਧ 3 ਕਾਨੂੰਨ ਪਾਸ ਕੀਤੇ ਸਨ, ਜਿਨ੍ਹਾਂ ਵਿਰੁੱਧ ਇਹ ਮੁਹਿੰਮ ਚਲਾਈ ਗਈ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਐਕਟਾਂ ਵਿੱਚ ਕਿਸਾਨਾਂ ‘ਤੇ ਟੈਕਸਾਂ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਸੀ।
ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਅੰਦੋਲਨ ਨੂੰ ਤੇਜ਼ ਕਰਨ ਲਈ 23 ਤੋਂ 27 ਫਰਵਰੀ ਵਿਚਾਲੇ ਕਈ ਪ੍ਰੋਗਰਾਮ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਦਰਸ਼ਨ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਜਲਦ ਹੀ ਨਵੀਂ ਰਣਨੀਤੀ ਤਿਆਰ ਕਰਨਗੇ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ 23 ਫਰਵਰੀ ਨੂੰ ਪਗੜੀ ਸੰਭਾਲ ਜੱਟਾ ਅਤੇ 24 ਫਰਵਰੀ ਨੂੰ ‘ਦਮਨ ਵਿਰੋਧੀ ਦਿਵਸ’ ਮਨਾਇਆ ਜਾਵੇਗਾ ਅਤੇ ਇਸ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਜਾਵੇਗਾ ਕਿ ਕਿਸਾਨਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਵੀ ਦਮਨਕਾਰੀ ਕਾਰਵਾਈ ਨਹੀਂ ਹੋਣੀ ਚਾਹੀਦੀ । ਮੋਰਚੇ ਨੇ ਕਿਹਾ ਕਿ 26 ਫਰਵਰੀ ਨੂੰ ‘ਯੁਵਾ ਕਿਸਾਨ ਦਿਵਸ’ ਅਤੇ 27 ਫਰਵਰੀ ਨੂੰ ‘ਮਜ਼ਦੂਰ ਕਿਸਾਨ ਏਕਤਾ ਦਿਵਸ’ ਮਨਾਇਆ ਜਾਵੇਗਾ।
ਇਸ ਸਬੰਧੀ ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ, “ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਹਰ ਦਮਨਕਾਰੀ ਕਦਮ ਅਪਣਾ ਰਹੀ ਹੈ।” ਸਿੰਘੂ ਬਾਰਡਰ ‘ਤੇ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ ਅਤੇ ਇਹ ਇੱਕ ਅੰਤਰਰਾਸ਼ਟਰੀ ਸਰਹੱਦ ਦੀ ਤਰ੍ਹਾਂ ਜਾਪਦਾ ਹੈ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ