Pak-based Twitter handles: ਦਿੱਲੀ ਵਿੱਚ ਗਣਤੰਤਰ ਦਿਵਸ ‘ਤੇ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮਿਲ ਗਈ ਹੈ । ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਗੇ। ਇਸ ਟਰੈਕਟਰ ਮਾਰਚ ‘ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੀ ਨਜ਼ਰ ਹੋ ਸਕਦੀ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੜਬੜੀ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਪੁਲਿਸ ਅਲਰਟ ‘ਤੇ ਹੋ ਗਈ ਹੈ। ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇੰਪੁੱਟ ਮਿਲੀ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਇਸ ਰੈਲੀ ਵਿੱਚ ਗੜਬੜੀ ਫੈਲਾ ਸਕਦੇ ਹਨ। ਪੁਲਿਸ ਅਨੁਸਾਰ ਅੱਤਵਾਦੀ ਸੰਗਠਨਾਂ ਵੱਲੋਂ ਟਰੈਕਟਰ ਰੈਲੀ ਵਿੱਚ ਸਾਜ਼ਿਸ਼ ਰਚਣ ਲਈ 308 ਟਵਿੱਟਰ ਹੈਂਡਲ ਆਪਰੇਟ ਕੀਤੇ ਜਾ ਰਹੇ ਸਨ, ਜਿਨ੍ਹਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦ੍ਰ ਪਾਠਕ ਨੇ ਕਿਹਾ ਕਿ ਸਾਨੂੰ ਕਈ ਇੰਟੈਲੀਜੈਂਸ ਇਨਪੁਟ ਮਿਲੇ ਹਨ ਕਿ ਇਸ ਟਰੈਕਟਰ ਰੈਲੀ ਵਿੱਚ ਗੜਬੜੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ । 308 ਟਵਿੱਟਰ ਹੈਂਡਲ ਪਾਕਿਸਤਾਨ ਵਿੱਚ ਬਣੇ ਹਨ, ਤਾਂ ਜੋ ਲਾਅ ਐਂਡ ਆਰਡਰ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਇਸ ਟਰੈਕਟਰ ਪਰੇਡ ਵਿੱਚ ਅੜਿੱਕਾ ਪਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਟਿਕਰੀ ਬਾਰਡਰ ਤੋਂ ਪ੍ਰਵੇਸ਼ ਕਰਨ ਤੇ 63 ਕਿਲੋਮੀਟਰ ਦਾ ਰੂਟ, ਸਿੰਘੂ ਬਾਰਡਰ ਤੋਂ 62 ਕਿਲੋਮੀਟਰ ਦਾ ਰੂਟ ਅਤੇ ਗਾਜ਼ੀਪੁਰ ਬਾਰਡਰ ਤੋਂ 46 ਕਿਲੋਮੀਟਰ ਦੇ ਰੂਟ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਦੀਪੇਂਦ੍ਰ ਪਾਠਕ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ 2 ਮਹੀਨਿਆਂ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਰੇਡ ਨੂੰ ਲੈ ਕੇ ਪੰਜ ਤੋਂ ਛੇ ਵਾਰ ਕਿਸਾਨਾਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤਿੰਨ ਥਾਵਾਂ ਤੋਂ ਟਰੈਕਟਰ ਰੈਲੀ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਬਾਰਡਰਾਂ ਤੋਂ ਬੈਰੀਕੇਡ ਹਟਾਏ ਜਾਣਗੇ।
ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..